ਜਨਮ ਅਤੇ ਵਿਦਾਇਗੀ ਦਿਹਾੜਾ ਸਮਾਰੋਹ 'ਤੇ ਵਿਸ਼ੇਸ਼
ਸਦਾ ਸਫ਼ਰ 'ਤੇ ਰਹੇ ਗੁਰਸ਼ਰਨ ਭਾਅ ਜੀ
-ਅਮੋਲਕ ਸਿੰਘ
ਸਦਾ ਸਫ਼ਰ 'ਤੇ ਰਹੇ ਗੁਰਸ਼ਰਨ ਭਾਅ ਜੀ
-ਅਮੋਲਕ ਸਿੰਘ
16 ਸਤੰਬਰ ਅਤੇ 27 ਸਤੰਬਰ, ਜਨਮ ਅਤੇ ਵਿਦਾਇਗੀ ਦੇ ਦੋਵੇਂ ਦਿਹਾੜੇ ਇਨਕਲਾਬੀ ਰੰਗ ਮੰਚ ਦੇ ਇਤਿਹਾਸ ਅੰਦਰ ਕਦੇ ਨਾ ਛਿਪਣ ਵਾਲੇ ਸੂਰਜ ਗੁਰਸ਼ਰਨ ਭਾਅ ਜੀ ਦੇ ਨਾਂਅ ਹੋ ਗਏ ਹਨ।
16 ਸਤੰਬਰ 1929 ਨੂੰ ਮੁਲਤਾਨ 'ਚ ਪੈਦਾ ਹੋਏ ਗੁਰਸ਼ਰਨ ਸਿੰਘ ਦਾ ਜਨਮ ਦਿਹਾੜਾ ਉਹਨਾਂ ਦੇ ਜੱਦੀ ਘਰ ਗੁਰੂ ਖਾਲਸਾ ਨਿਵਾਸ ਅੰਮ੍ਰਿਤਸਰ ਵਿਖੇ ਪ੍ਰਤੀਬੱਧਤ ਲੋਕ-ਧਾਰਾ ਨਾਲ ਜੁੜੇ ਰੰਗ ਮੰਚ ਦੇ ਦਿਹਾੜੇ ਵਜੋਂ ਮਨਾਇਆ ਜਾਣਾ ਪੰਜਾਬ ਅੰਦਰ ਰੰਗ ਮੰਚ ਦੀ ਭਵਿੱਖਮਈ ਦਿਸ਼ਾ ਵੱਲ ਸੁਲੱਖਣਾ ਵਰਤਾਰਾ ਹੈ। ਪਲਸ ਮੰਚ ਸਮੇਤ ਨਾਮਵਰ ਨਾਟਕਕਾਰ ਕੇਵਲ ਧਾਲੀਵਾਲ, ਅੰਮ੍ਰਿਤਸਰ ਅਤੇ ਪੰਜਾਬ ਭਰ ਦੀਆਂ ਦਰਜਨਾਂ ਰੰਗ ਟੋਲੀਆਂ ਨੂੰ ਇਸ ਮੁਹਿੰਮ ਦਾ ਆਗਾਜ਼ ਕਰਨ ਦਾ ਮਾਣ ਹਾਸਲ ਹੈ।
ਪੰਜਾਬ ਦੀਆਂ 50 ਤੋਂ ਵੱਧ ਨਾਟ ਅਤੇ ਸੰਗੀਤ ਮੰਡਲੀਆਂ ਵੱਲੋਂ 16 ਸਤੰਬਰ ਸ਼ਾਮ 5 ਵਜੇ ਗੁਰਸ਼ਰਨ ਭਾਅ ਜੀ ਦੇ ਘਰ ਜੁੜ ਕੇ ਦੀਪ ਮਾਲਾ, ਮਸ਼ਾਲਾਂ, ਨਾਟਕਾਂ, ਗੀਤਾਂ ਅਤੇ ਵਿਚਾਰ-ਚਰਚਾਵਾਂ ਨਾਲ ਪੰਜਾਬ ਭਰ 'ਚ ਇਨਕਲਾਬੀ ਰੰਗ ਮੰਚ ਦੀ ਦਸ ਰੋਜ਼ਾ ਮੁਹਿੰਮ ਨਿਰੰਤਰ ਚਲਾਉਣ ਦਾ ਨਗਾਰੇ ਚੋਟ ਲਗਾ ਕੇ ਐਲਾਨ ਪੰਜਾਬ ਦੇ ਰੰਗ ਮੰਚ ਦੇ ਸਫ਼ੇ 'ਤੇ ਨਵਾਂ ਅਧਿਆਇ ਜੋੜੇਗਾ। ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਅਤੇ ਉਸ ਦੀਆਂ ਸੰਗੀ-ਸਾਥੀ ਸੰਸਥਾਵਾਂ ਵੱਲੋਂ ਗੁਰਸ਼ਰਨ ਸਿੰਘ ਦੇ ਜਨਮ ਦਿਹਾੜੇ ਤੋਂ ਆਰੰਭੀ ਜਾ ਰਹੀ ਇਹ ਸਭਿਆਚਾਰਕ ਮੁਹਿੰਮ ਉਹਨਾਂ ਦੀ ਅੰਤਮ ਵਿਦਾਇਗੀ ਵਾਲੇ ਦਿਨ 27 ਸਤੰਬਰ ਸ਼ਾਮ 4 ਵਜੇ ਬਾਲ ਭਵਨ ਚੰਡੀਗੜ• ਵਿਖੇ ਇਨਕਲਾਬੀ ਰੰਗ ਮੰਚ ਦਿਹਾੜਾ ਮਨਾ ਕੇ ਆਪਣੀ ਚਰਮ ਸੀਮਾ ਛੋਹੇਗੀ।
ਮੁਹਿੰਮ ਨੇ ਪੰਜਾਬ ਦੀਆਂ ਸਮੂਹ ਸਹਿਤਕ/ਸਭਿਆਚਾਰਕ, ਤਰਕਸ਼ੀਲ, ਜਮਹੂਰੀ, ਮਜ਼ਦੂਰ, ਕਿਸਾਨ, ਵਿਦਿਆਰਥੀ, ਨੌਜਵਾਨ, ਮੁਲਾਜ਼ਮ, ਔਰਤ ਅਤੇ ਲੋਕ-ਹਿਤੈਸ਼ੀ ਜਨਤਕ ਸੰਸਥਾਵਾਂ ਨੂੰ ਇਸ ਮੁਹਿੰਮ ਅਤੇ ਯਾਦਗਾਰੀ ਇਨਕਲਾਬੀ ਰੰਗ ਮੰਚ ਦਿਹਾੜਾ ਮਨਾਉਣ ਵਾਸਤੇ ਭਰਵੇਂ ਸਹਿਯੋਗ ਦੀ ਅਪੀਲ ਕੀਤੀ ਹੈ। ਅਪੀਲ ਦੇ ਨਤੀਜੇ ਵਜੋਂ ਪੰਜਾਬ ਦੇ 200 ਤੋਂ ਵੱਧ ਪਿੰਡਾਂ ਅੰਦਰ ਸਮਾਗਮਾਂ ਦੀ ਲੜੀ ਮਿੱਥੇ ਸਮੇਂ ਤੋਂ ਵੀ ਪਹਿਲਾਂ ਹੀ ਆਰੰਭੀ ਜਾ ਚੁੱਕੀ ਹੈ ਜਿਹੜੀ 27 ਸਤੰਬਰ ਤੱਕ ਹੋਰ ਨਵੇਂ ਖੇਤਰਾਂ ਅਤੇ ਸੰਸਥਾਵਾਂ ਤੱਕ ਅਗੇਰੇ ਪੁਲਾਂਘਾ ਭਰੇਗੀ। ਇਹ ਮੁਹਿੰਮ ਚੰਡੀਗੜ• ਵਿਖੇ 27 ਸਤੰਬਰ ਨੂੰ ਕਲਮਕਾਰਾਂ, ਰੰਗ ਕਰਮੀਆਂ ਅਤੇ ਮਿਹਨਤਕਸ਼ ਲੋਕਾਂ ਦੇ ਸ਼ੈਲਾਬ ਰੂਪੀ ਸਭਿਆਚਾਰਕ ਜੋੜ ਮੇਲੇ ਵਿੱਚ, ਇਨਕਲਾਬੀ ਰੰਗ ਮੰਚ ਦਿਹਾੜੇ ਦਾ ਸਾਂਝਾ ਝੰਡਾ ਗੱਡ ਕੇ ਹਰ ਵਰੇ ਨਵੇਂ ਜੋਸ਼-ਖ਼ਰੋਸ਼ ਨਾਲ ਇਹ ਇਨਕਲਾਬੀ ਪਰੰਪਰਾ ਜਾਰੀ ਰੱਖਣ ਹਸ਼ਤਾਖ਼ਰ ਹੋਏਗੀ।
ਜਿਹਨਾਂ ਲੋਕਾਂ ਲਈ ਗੁਰਸ਼ਰਨ ਸਿੰਘ ਉਮਰ ਭਰ ਜੂਝਦਾ ਰਿਹਾ ਉਹਨਾਂ ਦੇ ਭਰਵੇਂ ਉੱਦਮ ਨਾਲ ਜਿਵੇਂ ਇਹ ਮੁਹਿੰਮ ਹੁਣ ਪੰਜਾਬ ਦੇ ਸੈਂਕੜੇ ਪਿੰਡਾਂ, ਕਸਬਿਆਂ, ਸ਼ਹਿਰਾਂ ਵਿਦਿਅਕ ਸੰਸਥਾਵਾਂ ਅਤੇ ਵੱਖ-ਵੱਖ ਅਦਾਰਿਆਂ ਅੰਦਰ ਚੱਲ ਰਹੀ ਹੈ ਇਸ ਤੋਂ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਗੁਰਸ਼ਰਨ ਸਿੰਘ ਦੇ ਗਰੀਬ ਰੰਗ ਮੰਚ ਦੀ ਅਮੀਰ ਪਰੰਪਰਾ ਭਵਿੱਖ 'ਚ ਹੋਰ ਵੀ ਬੁਲੰਦ ਹੋਵੇਗੀ। ਹਜ਼ਾਰਾਂ ਲੋਕ ਸਥਾਨਕ ਇਕੱਠਾਂ 'ਚ ਜੁੜ ਰਹੇ ਹਨ। ਹਜ਼ਾਰਾਂ ਪਰਿਵਾਰਾਂ ਦੇ ਯੋਗਦਾਨ ਨਾਲ ਆਟਾ, ਦਾਲ, ਦੁੱਧ, ਵਿੱਤੀ ਸਹਾਇਤਾ ਇਕੱਠੀ ਕਰਕੇ 27 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਲੰਗਰ ਦੀਆਂ ਸੇਵਾਵਾਂ ਅਰਪਤ ਕਰਨਾ ਰੰਗ ਮੰਚ ਦੇ ਭਵਿੱਖ ਲਈ ਸਿਹਤਮੰਦ ਅਤੇ ਸ਼ੁੱਭ-ਸ਼ਗਨ ਹੈ।
'27 ਸਤੰਬਰ ਚੰਡੀਗੜ• ਚੱਲੋ' ਦਾ ਹੋਕਾ ਦਿੰਦੀਆਂ ਰੰਗ ਟੋਲੀਆਂ ਚੰਡੀਗੜ•, ਮੋਹਾਲੀ, ਅੰਮ੍ਰਿਤਸਰ, ਬਿਆਸ, ਚਮਕੌਰ ਸਾਹਿਬ, ਖੰਨਾ, ਸਮਰਾਲਾ, ਲੁਧਿਆਣਾ, ਪਟਿਆਲਾ, ਮਾਨਸਾ, ਸੰਗਰੂਰ, ਬਰਨਾਲਾ, ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਿਰੋਜ਼ਪੁਰ ਫਾਜ਼ਿਲਕਾ, ਜਗਰਾਓਂ, ਮੁੱਲਾਂਪੁਰ, ਫਗਵਾੜਾ, ਬੰਗਾ, ਗੋਰਾਇਆ, ਮੁਕੰਦਪੁਰ, ਨਕੋਦਰ, ਜਲੰਧਰ, ਰੇਲ ਕੋਚ ਫੈਕਟਰੀ ਕਪੂਰਥਲਾ,ਮਾਹਿਲਪੁਲ, ਪਿੰਡ ਨਸਰਾਲੀ ਅਤੇ ਕੁੱਸਾ ਆਦਿ ਖੇਤਰਾਂ ਵਿੱਚ ਨਾਟਕ, ਦਸਤਾਵੇਜ਼ੀ ਫ਼ਿਲਮ 'ਸਦਾ ਸਫ਼ਰ 'ਤੇ ਗੁਰਸ਼ਰਨ ਭਾਅ ਜੀ' ਅਤੇ ਗੀਤਾਂ ਦੀ ਸੀ.ਡੀ. 'ਕਲਾ ਦਾ ਸੂਰਜ' ਲਿਜਾ ਕੇ, ਮਾਰਚ, ਜਾਗੋ ਅਤੇ ਘਰ ਘਰ ਸੰਪਰਕ ਮੁਹਿੰਮ ਰਾਹੀਂ ਗੁਰਸ਼ਰਨ ਸਿੰਘ ਦੀਆਂ ਨਾਟ ਅਤੇ ਸਾਹਿਤ ਸੰਸਾਰ ਵਿੱਚ ਪਾਈਆਂ ਅਮਿੱਟ ਪੈੜਾਂ ਨੂੰ ਸੰਭਾਲਣ ਦਾ ਹੰਭਲਾ ਮਾਰ ਰਹੀਆਂ ਹਨ। ਕਮਾਊ ਲੋਕਾਂ ਨੇ ਆਪਣੇ ਮਹਿਬੂਬ ਨਾਟਕਕਾਰ ਨੂੰ ਪਲਕਾਂ 'ਤੇ ਬਿਠਾ ਲਿਆ ਹੈ। ਸਾਹਾਂ 'ਚ ਸਮੋ ਲਿਆ ਹੈ। ਆਪਣੇ ਸੁਪਨਿਆਂ 'ਚ ਪਰੋਅ ਲਿਆ ਹੈ। ਚੁਫ਼ੇਰੇ ਵਗਦੀਆਂ ਚੰਦਰੀਆਂ ਹਨੇਰੀਆਂ ਦੇ ਦੌਰ ਅੰਦਰ ਇਨਕਲਾਬੀ ਰੰਗ ਮੰਚ ਦਿਹਾੜੇ ਦੇ ਦੀਵੇ ਬਾਲ਼ ਰਹੇ ਇਹ ਕਾਫ਼ਲੇ ਲੋਕਾਂ ਨੂੰ ਹਨੇਰੇ ਤੋਂ ਰੌਸ਼ਨੀ ਦਾ ਮਾਰਗ ਦਰਸਾ ਰਹੇ ਹਨ।
ਜੀਵਨ-ਸਫ਼ਰ ਦੇ 82 ਵਰਿ•ਆ ਤੱਕ, ਅੱਧੀ ਸਦੀ ਨਾਟ-ਸਫ਼ਰ ਦੇ ਲੇਖੇ ਲਾਉਣ ਵਾਲਾ, 185 ਦੇ ਕਰੀਬ ਨਾਟਕਾਂ ਦਾ ਰਚੇਤਾ, 12000 ਤੋਂ ਵੱਧ ਪੇਸ਼ਕਾਰੀਆਂ ਕਰਨ ਵਾਲਾ ਗੁਰਸ਼ਰਨ ਸਿੰਘ ਨਾਟ ਅਤੇ ਸਾਹਿਤ ਜਗਤ ਦਾ ਯੁੱਗ-ਪੁਰਸ਼ ਹੈ। ਉਸਨੇ ਪ੍ਰਤੀਬੱਧਤ ਰੰਗ ਮੰਚ ਦਾ ਰੌਸ਼ਨ ਮਿਨਾਰ ਆਪਣਾ ਖ਼ੂਨ ਬਾਲ਼ ਕੇ ਉਸਾਰਿਆਂ ਹੈ।
ਗੁਰਸ਼ਰਨ ਸਿੰਘ ਨੇ ਬੌਧਿਕਤਾ ਦੀ ਬਾਲਕੋਨੀ ਵਿੱਚ ਖੜ• ਕੇ ਨਹੀਂ ਸਗੋਂ ਸਮਾਜ ਦੇ ਧੁਰ ਅੰਦਰ ਉਤਰ ਕੇ ਉਸ ਨੂੰ ਜਾਣਿਆਂ ਹੈ। ਉਸਦੀ ਨਾਟ-ਧਾਰਾ, ਸਮਾਜਕ ਸਰੋਕਾਰਾਂ ਦੀ ਮਹਿਜ਼ ਫੋਟੋਗ੍ਰਾਫੀ ਨਹੀਂ ਕਰਦੀ ਸਗੋਂ ਉਹਨਾਂ ਨਾਲ ਹੱਥ ਮਿਲਾ ਕੇ, ਨਵੇਂ ਅਤੇ ਬਰਾਬਰੀ ਭਰੇ ਸਮਾਜ ਦੀ ਸਿਰਜਣਾ ਕਰਨ ਲਈ ਚਾਨਣ ਦਾ ਛੱਟਾ ਦਿੰਦੀ ਹੈ। ਉਹ ਆਖਰੀ ਦਮ ਤੱਕ ਭਾਈ ਲਾਲੋਆਂ ਨੂੰ ਜਗਾਉਣ ਅਤੇ ਮਲਕ ਭਾਗੋਆਂ ਤੋਂ ਮੁਕਤੀ ਪਾਉਣ ਲਈ ਉੱਠ ਖੜੇ ਹੋਣ ਦਾ ਹੋਕਾ ਨਗਾਰੇ ਚੋਟ ਲਗਾ ਕੇ ਦਿੰਦਾ ਰਿਹਾ ਹੈ। 'ਕਲਾ ਲੋਕਾਂ ਲਈ' ਅਤੇ 'ਕਲਾ ਲੋਕਾਂ ਦੀ ਮੁਕਤੀ ਲਈ' ਦੇ ਅਰਥਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਹਨਾਂ ਦੀ ਸ਼ਾਨਾਮੱਤੀ ਭੂਮਿਕਾ ਦਾ ਕੋਈ ਸਾਨੀ ਨਹੀਂ। ਸਦਾ ਸਫ਼ਰ 'ਤੇ ਰਹਿਣ ਵਾਲਾ ਗੁਰਸ਼ਰਨ ਸਿੰਘ ਇਕ ਸੰਸਥਾ ਹੀ ਨਹੀਂ, ਇਕ ਲਹਿਰ ਹੀ ਨਹੀਂ ਸਗੋਂ ਸਦਾ ਜਿਉਂਦਾ ਜਾਗਦਾ ਜਜ਼ਬਾ ਹੈ। ਪ੍ਰੇਰਨਾ-ਸਰੋਤ ਹੈ। ਚਾਨਣ ਮੁਨਾਰਾ ਹੈ। ਕਲਾ ਅਤੇ ਕਰਾਂਤੀ ਦਾ ਭਰ ਵਗਦਾ ਸ਼ੂਕਦਾ ਦਰਿਆ ਹੈ।
ਗੁਰਸ਼ਰਨ ਸਿੰਘ ਕੋਲ ਉਹ ਸਰਵੋਤਮ ਕਿਹੜੀ ਸ਼ਕਤੀ ਹੈ ਜਿਸ ਸਦਕਾ ਉਹ ਸੁਖਾਂਤ ਅਤੇ ਦੁਖਾਂਤ ਦੇ ਕਿਸੇ ਦੌਰ ਅੰਦਰ ਵੀ ਆਪਣੇ ਲੋਕਾਂ ਪ੍ਰਤੀ ਫਰਜ਼ਾਂ ਤੋਂ ਅਵੇਸਲਾ ਨਹੀਂ ਹੋਇਆ। ਉਸ ਨੂੰ ਸੁਖਾਂਤਮਈ ਪਰਿਵਾਰਕ ਪਿਛੋਕੜ, ਆਰਾਮਾਦਾਇਕ ਜ਼ਿੰਦਗੀ ਜੀਣ ਲਈ ਬਾਂਹ ਫੜ ਕੇ ਘਰੇ ਨਹੀਂ ਬਿਠਾ ਸਕਿਆ। ਨਾ ਹੀ ਅਗਨ-ਪ੍ਰੀਖਿਆ ਦੇ ਅਨੇਕਾਂ ਦੌਰ ਉਸਦੇ ਕਦਮਾਂ ਨੂੰ ਥਿੜਕਾ ਸਕੇ।
ਗੁਰਸ਼ਰਨ ਸਿੰਘ ਆਪਣੇ ਸੰਗਰਾਮੀ ਜੀਵਨ-ਸਫ਼ਰ ਅੰਦਰ ਬੇਦਾਗ਼, ਨਿਧੱੜਕ, ਪ੍ਰਤੀਬੱਧਤ ਨਿਹਚਾਵਾਨ ਲੋਕ-ਨਾਟਕਕਾਰ, ਲੇਖਕ, ਸਾਹਿਤ-ਸੰਪਾਦਕ, ਨਰੋਏ, ਸਿਹਤਮੰਦ, ਅਗਾਂਹਵਧੂ, ਇਨਕਲਾਬੀ ਸਾਹਿਤ ਦਾ ਪ੍ਰਕਾਸ਼ਕ, ਮਾਰਕਸਵਾਦੀ ਵਿਚਾਰਧਾਰਾ ਲਈ ਸਮਰਪਿਤ ਕਾਮਾ, ਲੋਕ-ਹੱਕਾਂ ਅਤੇ ਲੋਕ-ਮੁਕਤੀ ਲਈ ਲੜੀ ਜਾ ਰਹੀ ਜਦੋ ਜਹਿਦ ਦਾ ਸੰਗੀ-ਸਾਥੀ ਬਣ ਕੇ ਆਪਣੇ ਅਰੁਕ ਅਤੇ ਅਮੁਕ ਸਫ਼ਰ 'ਤੇ ਤੁਰਦਾ ਰਿਹਾ। ਡਾ. ਸੁਰਜੀਤ ਪਾਤਰ ਦੀ ਨਜ਼ਮ 'ਬੁੱਢੀ ਜਾਦੂਗਰਨੀ' ਜਿਹਨਾਂ ਤਿਲਕਣਾ, ਵਲ-ਵਲੇਵਿਆਂ, ਪਲੇਚਿਆਂ ਅਤੇ ਸਥਾਪਤੀ ਦੀਆਂ ਸ਼ੈਤਾਨੀਆਂ ਵੱਲ ਸ਼ੈਨਤ ਕਰਦੀ ਹੈ ਗੁਰਸ਼ਰਨ ਸਿੰਘ ਉਹਨਾਂ ਵਿਚੋਂ ਖ਼ਰਾ ਉਤਰਿਆ ਹੈ।
ਮੈਂ ਜਿਸ ਬੰਦੇ ਦੇ ਗਲ਼ ਹਾਰ ਪਾਇਆ ਹੈ
ਉਹ ਬੁੱਤ ਬਣ ਗਿਆ ਹੈ
ਮੈਂ ਜਿਹੜੀ ਹਿੱਕ ਤੇ ਤਮਗ਼ਾ ਸਜਾਇਆ ਹੈ
ਉਹ ਇਕ ਘੜੀ ਬਣ ਕੇ ਰਹਿ ਗਿਆ ਹੈ
ਮੈਂ ਜਿਸ ਨੂੰ ਆਪਣਾ ਪੁੱਤਰ ਆਖਿਆ ਹੈ
ਉਸੇ ਨੂੰ ਆਪਣੀ ਮਾਂ ਦਾ ਨਾਂ ਭੁੱਲਿਆ ਹੈ
ਗੁਰਸ਼ਰਨ ਸਿੰਘ ਨੂੰ ਅੰਤਲੇ ਦਮ ਤੱਕ, ਨਾਂ ਆਪਣੀ ਮਾਂ ਦਾ ਨਾਂ ਭੁੱਲਿਆ, ਨਾ ਧਰਤੀ ਮਾਂ ਦਾ, ਨਾ ਬੁਧੂਆਂ ਦਾ ਜਿਹੜਾ ਉਸ ਦਾ ਜਮਾਤੀ ਸੀ ਜਿਹੜਾ ਬੁਧੂਆ ਮੋਤੀਆਂ ਵਰਗੀ ਲਿਖਾਈ ਨਾਲ ਫੱਟੀ ਲਿਖਦਾ ਸੀ। ਜੀਹਦੇ ਹੱਥੋਂ ਗਰੀਬੀ ਨੇ ਫੱਟੀ ਬਸਤਾ ਖੋਹ ਕੇ ਉਮਰ ਭਰ ਲਈ ਝਾੜੂ ਫੜਾ ਦਿੱਤਾ ਸੀ। ਉਹ ਬੁਧੂਆ ਉਹਦੇ ਬੋਲਾਂ 'ਚ ਗਰਜ਼ਦਾ ਹੈ। ਵਿਹੜੇ ਵਾਲੇ ਕਿਰਤੀਆਂ, ਗਲ਼ ਫਾਹੀ ਪਾ ਰਹੇ ਕਰਜ਼ਿਆਂ ਦੇ ਭੰਨੇ ਕਿਸਾਨਾਂ ਅਤੇ ਜੁਆਨੀ ਨੂੰ ਵੰਗਾਰਦਾ ਲੋਕਾਂ ਦਾ 'ਭਾਅ ਜੀ' ਲੋਕਾਂ ਦੇ ਸਾਹੀਂ ਵਸਦਾ ਹੈ।
ਉਹ ਔਰਤ ਦੀ ਮੁਕਤੀ ਲਈ ਕਲਮ ਵਾਹੁੰਦਾ ਰਿਹਾ ਹੈ। ਭਰੇ ਪੰਡਾਲਾਂ ਵਿੱਚ ਹਿੱਕ ਥਾਪੜਕੇ ਕਹਿੰਦਾ ਰਿਹਾ ਹੈ ਕਿ ਕੋਈ ਸਾਹਿਤਕ/ਸਭਿਆਚਾਰਕ, ਜਮਹੂਰੀ ਅਤੇ ਲੋਕ-ਲਹਿਰ, ਔਰਤਾਂ ਦੀ ਬਰਾਬਰ ਦੀ ਸ਼ਮੂਲੀਅਤ ਅਤੇ ਉਹਨਾਂ ਵੱਲੋਂ ਅਗਵਾਈ ਵਾਲੀ ਕਤਾਰ 'ਚ ਅੱਗੇ ਖੜ•ਨ ਬਿਨਾਂ ਕਾਮਯਾਬੀ ਦੀਆਂ ਮੰਜ਼ਲਾਂ ਵੱਲ ਪੁਲਾਂਘਾ ਨਹੀਂ ਭਰ ਸਕਦੀ। ਗੁਰਸ਼ਰਨ ਭਾਅ ਜੀ ਵੱਲੋਂ ਅਕਸਰ ਬੁਲੰਦ ਕੀਤਾ ਜਾਂਦਾ ਤਿੰਨ-ਨੁਕਾਤੀ ਹੋਕਾ, ਅੱਜ ਅਤੇ ਭਲ਼ਕ ਦੇ ਸੁਆਲਾਂ ਲਈ ਬੇਹੱਦ ਪ੍ਰਸੰਗਕ ਹੈ :
1. ਆਜ਼ਾਦੀ : ਸਾਡੀ ਵਿਰਾਸਤ ਹੈ
2. ਸਮਾਜਵਾਦ ਲਈ ਸੰਘਰਸ਼: ਸਾਡੀ ਸਿਆਸਤ ਹੈ
3. ਕਰਾਂਤੀ : ਸਾਡੀ ਇਬਾਦਤ ਹੈ
ਅੱਜ ਉਹਨਾਂ ਨੁਕਤਿਆਂ ਨੂੰ ਮੁਖ਼ਤਾਬ ਹੋਣ ਸਮੇਤ ਅਨੇਕਾਂ ਚੁਣੌਤੀਆਂ ਰੰਗ ਮੰਚ ਦੇ ਸਨਮੁੱਖ ਹਨ। ਪੰਜਾਬ ਦੇ ਇਨਕਲਾਬੀ ਰੰਗ ਮੰਚ ਬਾਰੇ ਇਕ ਫ਼ਿਕਰ ਪਾਇਆ ਜਾ ਰਿਹਾ ਹੈ, ਕਿ ਗੁਰਸ਼ਰਨ ਭਾਅ ਜੀ ਦੇ ਇਸ ਸੱਖਣੇਪਣ ਨੂੰ ਕਿਵੇਂ ਪੂਰਿਆ ਜਾਏਗਾ। ਉਸ ਵਰਗੀ ਨਿਹਚਾ, ਪ੍ਰਤੀਬੱਧਤਾ, ਦ੍ਰਿੜ•ਤਾ, ਸਪੱਸ਼ਟਤਾ, ਅਣਥੱਕ ਮਿਹਨਤ, ਪਹੁੰਚ ਅਤੇ ਦ੍ਰਿਸ਼ਟੀ ਦਾ ਅੰਬਰ ਸਿਰਜਣ ਲਈ ਜਿਹੜੇ ਵੀ ਆਪਣੇ ਆਪ ਨੂੰ ਗੁਰਸ਼ਰਨ ਸਿੰਘ ਦੇ ਨਾਤੇਦਾਰ ਸਮਝਦੇ ਹਨ ਉਹਨਾਂ ਸਭਨਾਂ ਅੱਗੇ ਮਿਲ ਸੋਚਣ, ਸਾਂਝੇ ਉੱਦਮ ਕਰਨ ਅਤੇ ਉਸਦੀ ਸੋਚ ਨਾਲ ਲਬਰੇਜ ਰੰਗ ਮੰਚ ਉੱਪਰ ਇਕ ਵੀ ਧੱਬਾ ਨਾ ਲੱਗਣ ਦੇਣ ਲਈ ਕਦਮ ਨਾਲ ਕਦਮ ਮਿਲਾ ਕੇ ਤੁਰਨ ਦਾ ਸਰਵੋਤਮ ਕਾਰਜ਼ ਦਰਪੇਸ਼ ਹੈ। ਗੁਰਸ਼ਰਨ ਸਿੰਘ ਵਰਗੀ ਸਖ਼ਸ਼ੀਅਤ ਦਾ ਹਕੀਕੀ ਸਨਮਾਨ ਵੀ ਇਹੋ ਹੈ ਕਿ ਉਹਨਾਂ ਦੀ ਸੋਚਣੀ ਅਤੇ ਵਿਧਾ ਵਾਲੇ ਰੰਗ ਮੰਚ ਦਾ ਪਰਚਮ ਬੁਲੰਦ ਕੀਤਾ ਜਾਏ। ਇਨਕਲਾਬੀ ਰੰਗ ਮੰਚ ਦਿਹਾੜੇ ਨੂੰ ਪੰਜਾਬ ਅਤੇ ਦੇਸ਼-ਵਿਦੇਸ਼ ਅੰਦਰ ਇਨਕਲਾਬੀ ਸਭਿਆਚਾਰਕ ਉਤਸਵ ਵਜੋਂ ਸਥਾਪਤ ਕਰਨ ਦਾ ਮਨੋਰਥ ਵੀ ਇਹੋ ਹੈ। ਇਨਕਲਾਬੀ ਰੰਗ ਮੰਚ ਮੁਹਿੰਮ ਅਤੇ ਇਨਕਲਾਬੀ ਰੰਗ ਦਿਹਾੜਾ ਇਹੋ ਅਹਿਦ ਕਰ ਰਿਹਾ ਹੈ। ਲੋਕਾਂ ਨੂੰ ਪਰਨਾਏ ਰੰਗ ਮੰਚ ਦੇ ਸੂਝਵਾਨ ਅਤੇ ਸਿਰੜੀ ਕਾਮੇ, ਰੰਗ ਮੰਚ ਨੂੰ ਨਵੀਂ ਜ਼ਿੰਦਗੀ ਦੇਣ ਲਈ ਗੁਰਸ਼ਰਨ ਸਿੰਘ ਦੀਆਂ ਅਮੀਰ ਰਵਾਇਤਾਂ ਨੂੰ ਬੁਲੰਦ ਕਰਕੇ ਉਹਨਾਂ ਬਾਰੇ ਅਤੇ ਰੰਗ ਮੰਚ ਦੀ ਜ਼ਿੰਦਗੀ ਬਾਰੇ ਵੀ ਇਹ ਸੱਚ ਸਾਬਤ ਕਰ ਦਿਖਾਉਣਗੇ ਕਿ :
''ਮੌਤ ਦੇ ਕੰਧੇ ਤੇ ਜਾਣ ਵਾਲਿਆਂ ਲਈ
ਮੌਤ ਤੋਂ ਪਿੱਛੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ ਹੈ।''
***
''ਮੈਂ ਉਹਨਾਂ ਲੋਕਾਂ 'ਚੋਂ ਹਾਂ
ਜੋ ਸਦਾ ਸਫ਼ਰ 'ਤੇ ਰਹੇ''
ਸੰਪਰਕ : 94170-76735
No comments:
Post a Comment