Total Pageviews

Wednesday, September 26, 2012

                                         27 ਸਤੰਬਰ : ਗੁਰਸ਼ਰਨ ਭਾਅ ਜੀ ਦੀ ਬਰਸੀ 'ਤੇ

                                   ਜਾਰੀ ਰਹੇਗਾ ਇਨਕਲਾਬੀ ਰੰਗ ਮੰਚ ਦਿਹਾੜੇ ਦਾ ਸਫ਼ਰ
                                                                 

ਰੰਗ ਮੰਚ ਦੇ ਮਹਾਂਨਾਇਕ, ਇਨਕਲਾਬੀ ਜਮਹੂਰੀ ਲਹਿਰ ਦੇ ਥੰਮ੍ਹ, ਮਾਰਕਸੀ ਵਿਚਾਰਧਾਰਾ ਦੇ ਪ੍ਰਤੀਬੱਧਤ, ਨਿਹਚਾਵਾਨ ਸੰਗਰਾਮੀਏਂ, 'ਕਲਾ ਲੋਕਾਂ ਦੀ ਮੁਕਤੀ ਲਈ' ਦੇ ਸੰਕਲਪ ਦੇ ਦ੍ਰਿੜ੍ਹ ਮਸ਼ਾਲਚੀ ਅਤੇ ਬਰਾਬਰੀ ਭਰੇ ਨਿਜ਼ਾਮ ਦੀ ਸਿਰਜਣਾ ਲਈ ਸਦਾ ਸਫ਼ਰ ਤੇ ਰਹੇ ਗੁਰਸ਼ਰਨ ਭਾਅ ਜੀ ਦਾ ਅੰਤਿਮ ਵਿਦਾਇਗੀ ਦਾ ਦਿਹਾੜਾ 27 ਸਤੰਬਰ, ਇਨਕਲਾਬੀ ਰੰਗ ਮੰਚ ਦਿਹਾੜੇ ਵਜੋਂ ਮਨਾਇਆ ਜਾਣਾ ਪੰਜਾਬ ਦੀ ਲੋਕ-ਪੱਖੀ ਇਨਕਲਾਬੀ ਸਾਹਿਤਕ ਅਤੇ ਸਭਿਆਚਾਰਕ ਲਹਿਰ ਅੰਦਰ ਨਵਾਂ ਅਤੇ ਬੁਲੰਦ ਰੌਸ਼ਨ ਮਿਨਾਰ ਉਸਾਰਨ ਦਾ ਸੁਲੱਖਣਾ ਵਰਤਾਰਾ ।

ਬੀਤੇ ਵਰ੍ਹੇ 27 ਸਤੰਬਰ ਨੂੰ ਜਿਸਮਾਨੀ ਤੌਰ 'ਤੇ ਅੰਤਿਮ ਵਿਦਾਇਗੀ ਲੈ ਕੇ ਆਪਣੇ ਹਮਰਾਹੀਆਂ ਹੱਥ ਪ੍ਰਤੀਬੱਧਤ ਰੰਗ ਮੰਚ ਦੀ ਮਸ਼ਾਲ ਸੌਂਪ ਕੇ ਗਏ ਗੁਰਸ਼ਰਨ ਸਿੰਘ ਦੇ ਸੁਪਨਿਆਂ, ਆਦਰਸ਼ਾਂ ਅਤੇ ਅਕੀਦਿਆਂ ਲਈ ਸਮਰਪਤ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਅਤੇ ਇਸਦੇ ਸੰਗੀ ਸਾਥੀ 27 ਸਤੰਬਰ ਤੋਂ ਇਨਕਲਾਬੀ ਰੰਗ ਮੰਚ ਦਿਹਾੜਾ ਮਨਾਉਣ ਲਈ ਪੰਜਾਬ ਦੇ ਕੋਨੇ ਕੋਨੇ ਅੰਦਰ ਫੈਲ ਗਏ ਹਨ।

16 ਸਤੰਬਰ 1929 ਨੂੰ ਜਨਮੇ ਗੁਰਸ਼ਰਨ ਭਾਅ ਜੀ ਦੇ ਜੱਦੀ ਘਰ ਗੁਰੂ ਖਾਲਸਾ ਨਿਵਾਸ ਅੰਮ੍ਰਿਤਸਰ ਵਿਖੇ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਇਨਕਲਾਬੀ ਰੰਗ ਮੰਚ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਜੱਦੀ ਘਰ ਅਤੇ ਨਾਲ ਲੱਗਦੇ ਘਰਾਂ ਉਪਰ ਦੀਪ-ਮਾਲਾ, ਮੋਮਬੱਤੀਆਂ ਅਤੇ ਮਸ਼ਾਲਾਂ ਬਾਲੀਆਂ ਗਈਆਂ। ਗੁਰਸ਼ਰਨ ਸਿੰਘ ਦੀ ਜੀਵਨ ਸਾਥਣ ਕੈਲਾਸ਼ ਕੌਰ ਨੇ ਸ਼ਮ੍ਹਾ ਰੌਸ਼ਨ ਕੀਤੀ। ਉਨ੍ਹਾਂ ਦੀ ਧੀ ਡਾ. ਨਵਸ਼ਰਨ ਨੇ ਗੁਰਸ਼ਰਨ ਸਿੰਘ ਦੇ ਮਿਸ਼ਨ ਲਈ ਸਮੂਹ ਰੰਗ ਕਰਮੀਆਂ ਅਤੇ ਮਿਹਨਤਕਸ਼ਾਂ ਦੀ ਮੁਕਤੀ ਲਈ ਜੂਝਣ ਵਾਲਿਆਂ ਨੂੰ ਜੋਟੀ ਪਾ ਕੇ ਤੁਰਨ ਦਾ ਸੱਦਾ ਦਿੱਤਾ। ਗੁਰਸ਼ਰਨ ਸਿੰਘ ਦੇ ਕਰ ਕਮਲਾਂ ਨਾਲ ਜਿਸ ਸੰਸਥਾ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੀ ਨਹ ਰੱਖੀ ਗਈ ਉਸਦੇ ਪ੍ਰਧਾਨ ਅਮੋਲਕ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਅਰੀਤ (ਗੁਰਸ਼ਰਨ ਸਿੰਘ ਦੀ ਧੀ), ਗੁਰਸ਼ਰਨ ਭਾਅ ਜੀ ਦੇ ਪੁੱਤਰਾਂ ਤੋਂ ਵੀ ਵੱਧ ਪਿਆਰੇ ਜੁਆਈ ਡਾ. ਅਤੁਲ, ਸਿਰਮੌਰ ਨਾਟਕਕਾਰ ਕੇਵਲ ਧਾਲੀਵਾਲ, ਅੰਮ੍ਰਿਤਸਰ ਅਤੇ ਪੰਜਾਬ ਦੀਆਂ ਸਮੂਹ ਰੰਗ ਟੋਲੀਆਂ ਨੇ ਇਨਕਲਾਬੀ ਰੰਗ ਮੰਚ ਦਾ ਪਰਚਮ ਬੁਲੰਦ ਰੱਖਣ ਦਾ ਅਹਿਦ ਲਿਆ।

ਪਲਸ ਮੰਚ ਵੱਲੋਂ ਮਾਸਟਰ ਤਰਲੋਚਨ ਸਿੰਘ (ਸਹਾਇਕ ਸਕੱਤਰ) ਦੀ ਨਿਰਦੇਸ਼ਨਾ ਹੇਠ ਬਣੀ ਦਸਤਾਵੇਜ਼ੀ ਫਿਲਮ 'ਸਦਾ ਸਫ਼ਰ ਤੇ ਭਾਅ ਜੀ ਗੁਰਸ਼ਰਨ ਸਿੰਘ' ਰਿਲੀਜ਼ ਕੀਤੀ ਗਈ। ਨਾਟਕਾਂ, ਐਕਸ਼ਨ ਗੀਤਾਂ ਅਤੇ ਇਨਕਲਾਬੀ ਸੁਨੇਹੜਿਆਂ ਨਾਲ ਭਰਪੂਰ ਇਸ ਸਮਾਗਮ ਉਪਰੰਤ ਪੰਜਾਬ ਭਰ 'ਚ ਸਭਿਆਚਾਰਕ ਸਰਗਰਮੀਆਂ ਦੀ ਲਾ-ਮਿਸਾਲ ਲਹਿਰ ਚੱਲ ਪਈ।
ਪਲਸ ਮੰਚ ਅਤੇ ਸੰਗੀ ਸਾਥੀਆਂ ਦੀਆਂ ਕੋਈ 60 ਨਾਟ ਅਤੇ ਸੰਗੀਤ ਮੰਡਲੀਆਂ ਨੇ 280 ਪਿੰਡਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਸਨਅਤੀ ਅਦਾਰਿਆਂ ਅਤੇ ਹੋਰ ਅਦਾਰਿਆਂ ਨੂੰ ਆਪਣੇ ਕਲਾਵੇ ਵਿਚ ਲਿਆ। ਦੋ ਦਰਜ਼ਨ ਦੇ ਕਰੀਬ ਚੋਣਵੇਂ ਸਥਾਨਾਂ 'ਤੇ ਨਮੂਨੇਦਾਰ ਸਮਾਗਮਾਂ ਤੋਂ ਇਲਾਵਾ 280 ਪਿੰਡਾਂ 'ਚ ਨੁੱਕੜ ਨਾਟਕ, ਮਸ਼ਾਲ ਮਾਰਚ, ਇਕੱਤਰਤਾਵਾਂ, ਮੀਟਿੰਗਾਂ, ਇਸ਼ਤਿਹਾਰਾਂ ਆਦਿ ਦੀ ਮਿਸਾਲੀ ਮੁਹਿੰਮ ਠਿੱਲ੍ਹ ਪਈ। ਫਿਲਮ ਸ਼ੋਅ, ਵੱਡ ਆਕਾਰੀ ਸਟੇਜਾਂ 'ਤੇ ਨਾਟਕ, ਗੀਤ-ਸੰਗੀਤ ਆਦਿ ਦਾ ਭਰ ਵਗਦਾ ਸ਼ੂਕਦਾ ਦਰਿਆ ਸਭਿਆਚਾਰਕ ਲਹਿਰ ਦਾ ਵਹਿ ਤੁਰਿਆ। ਗ਼ਦਰੀ ਬਾਬਿਆਂ, ਬੱਬਰ ਅਕਾਲੀਆਂ, ਕਿਰਤੀ ਪਾਰਟੀ, ਨੌਜਵਾਨ ਭਾਰਤ ਸਭਾ ਆਦਿ ਇਨਕਲਾਬੀ ਲਹਿਰਾਂ ਦੇ ਇਤਿਹਾਸਕ/ਸਭਿਆਚਾਰਕ ਸਫ਼ੇ ਲੋਕਾਂ ਦੇ ਰੂਬਰੂ ਕਰਦੇ ਹੋਏ ਬੁਲਾਰੇ ਰੰਗ ਕਰਮੀਆਂ ਅਤੇ ਸੰਗਰਾਮੀ ਤਬਕਿਆਂ ਦੀ ਜੋਟੀ ਪਾਉਣ ਦਾ ਹੋਕਾ ਦੇਣ ਲੱਗੇ।

ਇਨਕਲਾਬੀ ਰੰਗ ਮੰਚ ਮੁਹਿੰਮ ਸਭ ਤੋਂ ਵੱਧ ਦਰੜੇ ਲੋਕਾਂ, ਨਰਕੀ ਜੀਵਨ ਭੋਗ ਰਹੇ ਔਰਤ ਵਰਗ, ਅਨੇਕਾਂ ਭੰਵਰ ਚੱਕਰਾਂ 'ਚ ਫਸੀ ਜੁਆਨੀ ਅਤੇ ਵਿਸ਼ੇਸ਼ ਕਰਕੇ ਵਿਹੜਿਆਂ ਦੇ ਕਿਰਤੀ ਕਾਮਿਆਂ ਅੱਗੇ ਗੁਰਸ਼ਰਨ ਸਿੰਘ ਦੀ ਅਮਿਟ ਘਾਲਣਾ ਦੇ ਕਿੱਸੇ ਪੇਸ਼ ਕਰਨ ਲੱਗੇ ਪੰਜਾਬ ਅੰਦਰ ਅਜੇਹੀ ਲਹਿਰ ਚੱਲੀ ਕਿ 60 ਟੀਮਾਂ ਦਿਨ ਰਾਤ ਇਕ ਕਰਨ ਦੇ ਬਾਵਜੂਦ ਵੀ ਲੋਕਾਂ ਦੀ ਚਾਰੇ ਪਾਸਿਓਂ ਆ ਰਹੀ ਮੰਗ ਮੁਤਾਬਕ ਸਮਾਗਮ ਕਰ ਸਕਣ ਤੋਂ ਅਸਮਰੱਥ ਦਿਖਾਈ ਦੇਣ ਲੱਗੀਆਂ।

ਮਾਲਵਾ, ਦੋਆਬਾ, ਮਾਝਾ ਦੇ ਕਿੰਨੇ ਹੀ ਖੇਤਰਾਂ ਅੰਦਰ ਚੱਲ ਰਹੀਆਂ ਸਭਿਆਚਾਰਕ ਸਰਗਰਮੀਆਂ ਦੀ ਸਫ਼ਲਤਾ ਦਾ ਵੱਡਾ ਰਾਜ ਬਣਿਆ ਜਨਤਕ ਜਮਹੂਰੀ ਜਥੱਬੇਦੀਆਂ ਵੱਲੋਂ ਪੂਰੇ ਜੋਸ਼-ਖਰੋਸ਼ ਨਾਲ ਮੋਢਾ ਲਾਉਣਾ। ਚੰਡੀਗੜ੍ਹ, ਅੰਮ੍ਰਿਤਸਰ ਅਤੇ ਬਠਿੰਡਾ ਸ਼ਹਿਰਾਂ ਅੰਦਰ ਚੱਲੀ ਸਰਗਰਮੀ ਨੇ ਰੰਗ ਕਰਮੀਆਂ ਨੂੰ ਨਵੇਂ ਪੰਧ ਉਪਰ ਚੱਲਣ ਲਈ ਉਤਸ਼ਾਹਤ ਕੀਤਾ। ਪਹਿਲੀ ਮਈ ਪੰਜਾਬੀ ਭਵਨ, 25 ਜਨਵਰੀ ਦੀ ਨਾਟਕਾਂ ਭਰੀ ਰਾਤ ਅਤੇ ਗ਼ਦਰੀ ਬਾਬਿਆਂ ਦੇ ਮੇਲੇ ਵਾਂਗ ਇੱਕ ਨਵਾਂ ਪੰਨਾ ਬਲਵੰਤ ਗਾਰਗੀ ਓਪਨ ਏਅਰ ਥੀਏਟਰ, ਰੋਜ਼ ਗਾਰਡਨ ਬਠਿੰਡਾ ਵਿਚ ਸਥਾਨਕ ਰੰਗ ਟੋਲੀਆਂ ਦੇ ਸਿਰ ਤੇ ਹੀ ਰਾਤ ਭਰ ਦੇ ਨਾਟਕ ਮੇਲੇ ਦੀ ਨਵ ਸ਼ੁਰੂਆਤ ਹੋਣਾ । ਇਸ ਕੁੱਲ ਸਰਗਰਮੀ 'ਚ ਸਭ ਤੋਂ ਮਹੱਤਵਪੂਰਨ ਪੱਖ , ਹਰ ਵਰ੍ਹੇ ਪਲਸ ਮੰਚ ਅਤੇ ਉਸਦੇ ਸੰਗੀ-ਸਾਥੀਆਂ ਵੱਲੋਂ 27 ਸਤੰਬਰ ਇਨਕਲਾਬੀ ਰੰਗ ਮੰਚ ਦਿਹਾੜਾ ਮਨਾਉਣ ਦਾ ਅਹਿਦ ਕਰਨਾ।

ਇਕ ਨਵਾਂ, ਸ਼ਕਤੀਸ਼ਾਲੀ ਅਤੇ ਭਵਿਖਮੁਖੀ ਰੁਝਾਨ ਇਹ ਸਾਹਮਣੇ ਆਇਆ  ਕਿ ਲੰਗਰ ਦੀ ਸੇਵਾ ਗੁਰਸ਼ਰਨ ਸਿੰਘ ਦੇ ਵਡੇਰੇ ਪਰਿਵਾਰ ਨੇ ਆਪ ਓਟ ਲਈ। ਪਰਿਵਾਰ ਨੂੰ ਇਸ ਲਈ ਰਾਜ਼ੀ ਕੀਤਾ ਕਿ ਉਹ ਪਰਿਵਾਰਕ ਤੌਰ 'ਤੇ ਕਰਨ ਦੀ ਬਜਾਏ ਇਹ ਫਰਜ਼ ਉਨ੍ਹਾਂ ਨੂੰ ਅਦਾ ਕਰਨ ਦੇਣ ਜਿਨ੍ਹਾਂ ਲੋਕਾਂ ਲਈ ਉਹ ਆਖਰੀ ਦਮ ਤੱਕ ਸਮਰਪਤ ਰਹੇ ਹਨ। ਇਹ ਜ਼ਿੰਮੇਵਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਨੇ ਅਦਾ ਕੀਤੀ। ਉਹ ਸੈਂਕੜੇ ਪਿੰਡਾਂ ਦੀਆਂ ਸੱਥਾਂ 'ਚ ਗਏ 'ਇਹ ਲਹੂ ਦਿਸਦਾ ' ਨਾਟਕ ਵਿਚ ਗੁਰਸ਼ਰਨ ਸਿੰਘ ਜਿਨ੍ਹਾਂ ਭਾਈ ਲਾਲੋਆਂ ਦੇ ਸਵੈਮਾਣ ਦੀ ਗੱਲ ਕਰਦਾ  ਉਹਨਾਂ ਲਾਲੋਆਂ ਨੇ ਤਿਲ ਫ਼ੁਲ ਇਕੱਠਾ ਕਰਕੇ ਲੰਗਰ ਦੀ ਸੇਵਾ ਕੀਤੀ। ਮਸਲਾ ਦਾਲ, ਰੋਟੀ, ਚਾਹ ਅਤੇ ਜਲੇਬੀਆਂ 15,000 ਦੇ ਕਰੀਬ ਇਕੱਠ ਨੂੰ ਛਕਾਉਣ ਦਾ ਨਹ ਸਗੋਂ ਨਰੋਈਆਂ ਸਭਿਆਚਾਰਕ ਕਦਰਾਂ ਕੀਮਤਾਂ ਸਾਹਮਣੇ ਆ ਰਹੀਆਂ ਹਨ ਕਿ ਗੁਰਸ਼ਰਨ ਸਿੰਘ ਵਾਂਗ ਜਿਹੜੇ ਕਲਮਕਾਰ, ਨਾਟਕਕਾਰ ਲੋਕਾਂ ਦੀ ਨਬਜ਼ ਤੇ ਹੱਥ ਰੱਖਣਗੇ, ਪੰਜਾਬ ਦੇ ਕਮਾਊ ਲੋਕ ਉਨ੍ਹਾਂ ਨੂੰ ਪਲਕਾਂ 'ਤੇ ਬਿਠਾਉਣਾ ਜਾਣਦੇ ਹਨ।

27 ਸਤੰਬਰ ਚੰਡੀਗੜ੍ਹ ਦੇ ਬਾਲ ਭਵਨ ਵਿਚਲੇ ਖੁੱਲ੍ਹੇ ਲਾਅਨ ਤੋਂ ਪੰਜਾਬ ਦੇ ਰੰਗ ਕਰਮੀਆਂ ਅਤੇ ਲੋਕਾਂ ਦਾ ਸੈਲਾਬ ਸਮੋਇਆ ਨਹ ਜਾਣਾ। ਵਿਆਪਕ ਪ੍ਰਬੰਧ ਵੀ ਵਾਰ ਵਾਰ ਧਿਆਨ ਖਿੱਚ ਰਹੇ ਹਨ। ਲਾਈਵ ਪ੍ਰੋਗਰਾਮ ਦੇਖ ਸਕਣਾ ਹੀ ਯਕੀਨੀ ਬਣਾਉਣ ਲਈ ਸਕਰੀਨਾਂ ਦੂਰ ਦੂਰ ਤੱਕ ਲਾਉਣ ਦਾ ਬੰਦੋਬਸਤ ਕੀਤਾ ਜਾ ਰਿਹਾ  ਤਾਂ ਜੋ ਰੰਗ ਕਰਮੀਆਂ ਅਤੇ ਮਿਹਨਤਕਸ਼ ਲੋਕਾਂ ਦੇ ਸਾਗਰ ਰੂਪੀ ਸੰਗਮ ਨੂੰ ਮਾਨਣ ਦਾ ਹਾਸਲ ਹਾਲਤ ਵਿਚ ਸੰਭਵ ਉਪਰਾਲਾ ਹੋ ਸਕੇ।

ਨੰਗੇ ਪੈਰਾਂ ਵਾਲੇ ਸਮਾਪਤ ਰੰਗ ਕਰਮੀ ਦੇ ਸੁਪਨੇ ਸਾਕਾਰ ਕਰਨ ਦਾ ਅਹਿਦ ਲਵੇਗਾ ਭਰਿਆ ਇਕੱਠ ਕਿ ਪੰਜਾਬ ਦੇ ਇਨਕਲਾਬੀ ਰੰਗ ਮੰਚ ਅਤੇ ਦੱਬੇ ਕੁਚਲੇ ਲੋਕਾਂ ਦੀ ਵੇਲ-ਵਲੰਗੜੀ, ਠਾਠਾਂ ਮਾਰਦਾ ਸਾਗਰ ਤੱਕ ਕੇ ਜੇ ਅਜੋਕੇ ਸਮੇਂ ਦੇ ਬਾਬਰਾਂ, ਅਕਬਰਾਂ ਅਤੇ ਉਹਨਾਂ ਦੀ ਚਾਕਰੀ ਕਰਕੇ ਆਪਣੇ ਢਿੱਡ ਭਰਨ ਵਾਲਿਆਂ ਦੇ ਸੱਤ ਕੱਪੜ ਅੱਗ ਲੱਗਦੀ  ਤਾਂ ਲੱਗੇ ਗੁਰਸ਼ਰਨ ਸਿੰਘ ਦੇ ਵਾਰਸ, ਖ਼ੂਬਸੂਰਤ ਸਮਾਜ ਦੀ ਤਸਵੀਰ ਸਿਰਜਣ ਅਤੇ ਉਸ ਵਿਚ ਰੰਗ ਭਰਨ ਅਤੇ ਧਮਕ ਨਗਾਰੇ ਦੀ ਪਾਉਣ ਦਾ ਸਫ਼ਰ ਜਾਰੀ ਰੱਖਣਗੇ।



ਅਮੋਲਕ ਸਿੰਘ
ਸੰਪਰਕ : 94170-76735
 

No comments:

Post a Comment