Total Pageviews

Friday, October 21, 2011

FACT FINDING REPORT REGARDING ARREST OF COM HARBHINDER JALAL & REPRESSION ON THE PEOPLE OF SELBRAH & KOTRA

ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਵੱਲੋਂ ਹਰਭਿੰਦਰ ਜਲਾਲ ਦੀ ਗੈਰ ਕਾਨੂੰਨੀ ਗ੍ਰਿਫ਼ਤਾਰੀ ਅਤੇ ਬਠਿੰਡਾ ਜਿਲ੍ਹੇ ਦੇ ਪਿੰਡ ਸੇਲਬਰਾਹ ਅਤੇ ਕੋਟੜਾ ਕੌੜਿਆਂ ਵਾਲਾ ਵਿੱਚ ਸ਼ਰਾਬ ਦੇ ਠੇਕਿਆਂ ਦਾ ਵਿਰੋਧ ਕਰ ਰਹੇ ਲੋਕਾਂ ਉਪਰ ਢਾਹੇ ਗਏ ਪੁਲਸ ਜਬਰ ਸਬੰਧੀ ਪੜਤਾਲੀਆ ਰਿਪੋਰਟ:-

09 Jun2011

ਜਮਹੂਰੀ ਫਰੰਟ ਇਹ ਸਮਝਦਾ ਹੈ ਕਿ ਅਪ੍ਰੇਸ਼ਨ ਗ੍ਰੀਨ ਹੰਟ ਮੁਲਕ ਦੇ ਕੁਝ ਰਾਜਾਂ ‘ਚ ਚਲ ਰਹੇ ਲੋਕ ਸੰਘਰਸ਼ਾਂ ਨੂੰ ਕੁਚਲਣ ਲਈ ਫੌਜੀ ਅਤੇ ਨੀਮ ਫੌਜੀ ਬਲਾਂ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਹੀ ਨਹੀਂ ਸਗੋਂ ਸਾਰੇ ਮੁਲਕ ਅੰਦਰ ਹੀ ਹਾਕਮਾਂ ਦੀਆਂ ਨਵ-ਉਦਾਰਵਾਦੀ ਨੀਤੀਆਂ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਸਰਕਾਰੀ ਅਤੇ ਗੈਰ-ਸਰਕਾਰੀ ਹਿੰਸਾ ਦੇ ਜੋਰ ਦਬਾਉਣਾ ਵੀ ਇਸੇ ਦਾ ਹੀ ਹਿੱਸਾ ਹੈ। ਪੰਜਾਬ ‘ਚ ਪੁਲਸ ਨੇ ਨਕਸਲਵਾਦ/ਮਾਓਵਾਦ ਦਾ ਹਊਆ ਖੜ੍ਹਾ ਕਰਨ ਲਈ ਕਿਸਾਨ ਆਗੂ ਸੁਰਜੀਤ ਫੂਲ, ਖੇਤ-ਮਜ਼ਦੂਰ ਆਗੂ ਸੰਜੀਵ ਮਿੰਟੂ ਅਤੇ ਦਿਲਬਾਗ਼ ਸਿੰਘ, ਕਮਿਊਨਿਸਟ ਕਾਰਕੁੰਨ ਦਲਜੀਤ ਸਿੰਘ ਅਤੇ ਝਾਰਖੰਡ ਤੋਂ ਆਏ ਸਿਆਸੀ ਕਾਰਕੁੰਨ ਪ੍ਰਕਾਸ਼ ਦੂਬੇ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ‘ਤੇ ਸਰਕਾਰ ਵਿਰੁੱਧ ਬਗਾਵਤ ਭੜਕਾਉਣ, ਗ਼ੈਰ-ਕਨੂੰਨੀ ਅਤੇ ਦਹਿਸ਼ਤਗਰਦ ਕਾਰਵਾਈਆਂ ਕਰਨ, ਧੋਖਾਧੜੀ ਕਰਨ ਅਤੇ ਜਾਲ੍ਹੀ ਦਸਤਾਵੇਜ਼ ਤਿਆਰ ਕਰਨ ਦੇ ਝੂਠੇ ਇਲਜ਼ਾਮ ਲਾਏ ਹਨ। ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਲੜ੍ਹ ਰਹੀਆਂ ਸਤਾਰਾਂ ਜਨਤਕ ਜਥੇਬੰਦੀਆਂ ‘ਤੇ ਨਕਸਲੀ ਹੋਣ ਦਾ ਲੇਬਲ ਚਿਪਕਾਇਆ ਹੈ। ਰੋਜੀ ਰੋਟੀ ਲਈ ਸੰਘਰਸ਼ ਕਰ ਰਹੇ ਸਨਅਤੀ ਮਜ਼ਦੂਰਾਂ, ਬੇਰੁਜ਼ਗਾਰ ਨੌਜਵਾਨਾਂ, ਵਿਦਿਆਰਥੀਆਂ, ਠੇਕੇ ‘ਤੇ/ਕੱਚੇ ਕਰਮਚਾਰੀਆਂ, ਕਿਸਾਨਾਂ, ਖੇਤ-ਮਜ਼ਦੂਰਾਂ, ਗੱਲ ਕੀ ਹਰ ਤਬਕੇ ਵਲੋਂ ਨਵ-ਉਦਾਰਵਾਦੀ ਨੀਤੀਆਂ ਦੇ ਵਿਰੋਧ ਨੂੰ ਕੁਚਲਣ ਲਈ ਸਰਕਾਰ ਜਬਰ ਢਾਅ ਰਹੀ ਹੈ। ਉਨ੍ਹਾਂ ਸਿਰ ਝੂਠੇ ਕੇਸ ਮੜ੍ਹੇ ਜਾ ਰਹੇ ਹਨ, ਜੇਲ੍ਹੀਂ ਡੱਕਿਆ ਜਾ ਰਿਹਾ ਹੈ ਅਤੇ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਨੂੰ ਗੈਰ-ਸਰਕਾਰੀ ਹਿੰਸਾ ਦਾ ਵੀ ਸ਼ਿਕਾਰ ਬਣਾਇਆ ਜਾ ਰਿਹਾ ਹੈ – ਜਿਵੇਂ ਕਿਸਾਨ ਆਗੂ ਸਾਧੂ ਸਿੰਘ ਤਖ਼ਤੂਪੁਰਾ ਅਤੇ ਪ੍ਰਿਥੀਪਾਲ ਸਿੰਘ ਦਾ ਕਤਲ, ਖੰਨਾ ਚਮਿਆਰਾ ‘ਚ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਲੋਂ ਕਿਸਾਨਾਂ ਦਾ ਕਤਲ, ਹੱਕ ਮੰਗਦੇ ਬੇਰੁਜ਼ਗਾਰ ਮੁੰਡੇ ਕੁੜੀਆਂ ਅਤੇ ਕਰਮਚਾਰੀਆਂ ‘ਤੇ ਅਕਾਲੀ ਜੱਥੇਦਾਰਾਂ ਵਲੋਂ ਕੁਟਾਪਾ ਆਦਿ। ਮਾਨਸਾ ਜਿਲੇ ‘ਚ ਪਲਾਟਾਂ ਦੀ ਮੰਗ ਕਰ ਰਹੇ ਖੇਤ-ਮਜ਼ਦੂਰਾਂ ਸਿਰ ਅਨੇਕਾਂ ਝੂਠੇ ਕੇਸ ਮੜ੍ਹ ਦਿੱਤੇ ਗਏ ਹਨ। ਇਹ ਸਾਰੇ ਤੱਥ ਇਸ ਗੱਲ ਦਾ ਸਬੂਤ ਹਨ ਕਿ ਪੰਜਾਬ ਦੀ ਸਰਕਾਰ ਵੀ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਲਈ ਅਪ੍ਰੇਸ਼ਨ ਗ੍ਰੀਨ ਹੰਟ ਦੇ ਘੇਰੇ ਅਧੀਨ ਆਉਂਦੇ ਰਾਜਾਂ ਦੀਆਂ ਸਰਕਾਰਾਂ ਦੇ ਰਾਹ ‘ਤੇ ਹੀ ਚੱਲ ਰਹੀ ਹੈ।

ਲੋਕਾਂ ਦੀ ਜੁਬਾਨਬੰਦੀ ਕਰਨ ਲਈ ਅਤੇ ਲੁਟੇਰਿਆਂ ਦੇ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਕੁੱਝ ਸਮਾਂ ਪਹਿਲਾਂ ਚਾਰ ਕਨੂੰਨ ਪਾਸ ਕਰਕੇ ਜਮਹੂਰੀ ਹੱਕਾਂ ‘ਤੇ ਵੱਡਾ ਹਮਲਾ ਕੀਤਾ ਹੈ। ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਤੋਂ ਪਹਿਲੇ ਤਿੰਨ ਸਾਲ ਘੱਟ ਤਨਖਾਹ ‘ਤੇ ਜਬਰੀ ਵਗਾਰ ਕਰਾਉਣ ਦਾ ਪਿਛਲੇ ਦਿਨੀਂ ਪਾਸ ਕੀਤਾ ਕਨੂੰਨ ਨਿੱਜੀ ਖੇਤਰ ਦੇ ਪੂੰਜੀਪਤੀਆਂ ਨੂੰ ਮਜ਼ਦੂਰਾਂ ਮੁਲਾਜ਼ਮਾਂ ਦੀ ਲੁੱਟ ਹੋਰ ਤਿੱਖੀ ਕਰਨ ਦਾ ਇਸ਼ਾਰਾ ਹੈ। ਲੋਕਾਂ ਦੇ ਹੱਕਾਂ ਲਈ ਅਵਾਜ਼ ਉਠਾਉਣ ਵਾਲੇ ਲੇਖਕਾਂ ਅਤੇ ਨਾਟਕਕਾਰਾਂ ਜਿਵੇਂ ਗੁਰਮੀਤ ਜੱਜ (ਸੂਬਾ ਕਮੇਟੀ ਮੈਂਬਰ, ਜਮਹੂਰੀ ਫਰੰਟ), ਕੀਰਤੀ ਕਿਰਪਾਲ ਅਤੇ ਉਸਦੇ ਨਾਟਕ ਟੀਮ ਦੇ ਬੱਚਿਆਂ ਨੂੰ ਗ੍ਰਿਫਤਾਰ ਕਰਨਾ ਅਤੇ ਉਨ੍ਹਾਂ ਸਿਰ ਝੂਠਾ ਕੇਸ ਮੜ੍ਹਨਾ, ਇਸੇ ਲੜੀ ਕਦਮ ਹਨ।

ਸਿਤਮ ਜਰੀਫੀ ਇਹ ਹੈ ਕਿ ਮੁਲਕ ਦੇ ਜਲ, ਜੰਗਲ, ਜਮੀਨ ਅਤੇ ਅਮੁੱਲੇ ਕੁਦਰਤੀ ਖਜਾਨਿਆਂ ਦੀ ਦੇਸੀ-ਬਦੇਸੀ ਕੰਪਨੀਆਂ ਵਲੋਂ ਲੁੱਟ ਤੋਂ ਰਾਖੀ ਕਰਨ ਲਈ ਸੰਘਰਸ਼ ਕਰ ਰਹੇ ਲੋਕਾਂ ‘ਤੇ ਭਾਰਤੀ ਹਾਕਮ ਦੇਸ-ਧ੍ਰੋਹੀ ਦਾ ਦੋਸ਼ ਮੜ੍ਹਦੇ ਹਨ ਜਦੋਂ ਕਿ ਖੁਦ ਸਾਮਰਾਜੀਆਂ ਕੋਲ ਮੁਲਕ ਨੂੰ ਗਹਿਣੇ ਪਾਕੇ ਵੀ ਉਹ ਆਪਣੇ ਆਪ ਨੂੰ ਦੇਸ-ਭਗਤ ਦਸਦੇ ਹਨ। ਇਨਕਲਾਬੀ ਜਨਤਕ ਪਰਚੇ “ਚਮਕਦਾ ਲਾਲ ਤਾਰਾ” ਦੇ ਸੰਪਾਦਕ ਅਤੇ ਸਾਬਕਾ ਵਿਦਿਆਰਥੀ ਆਗੂ ਹਰਭਿੰਦਰ ਜਲਾਲ ਦੀ ਰੋਪੜ ਪੁਲਸ ਵਲੋਂ ਗ੍ਰਿਫਤਾਰੀ ਨੂੰ ਵੀ ਇਸੇ ਨਜਰੀਏ ਤੋਂ ਵੇਖਣ ਦੀ ਲੋੜ ਹੈ।

ਕਾ. ਹਰਭਿੰਦਰ ਜਲਾਲ ਦੀ ਗ੍ਰਿਫਤਾਰੀ ਬਾਰੇ:-

ਅਦਾਲਤੀ ਰਿਕਾਰਡ ਅਤੇ ਅਖ਼ਬਾਰੀ ਖ਼ਬਰਾਂ ਅਨੁਸਾਰ ਹਰਭਿੰਦਰ ਜਲਾਲ ਨੂੰ 3 ਮਈ 2011 ਨੂੰ ਘੜੂੰਆਂ ਪਿੰਡ ਨੇੜਿਓਂ ਲੁਧਿਆਣੇ ਤੋਂ ਆ ਰਹੀ ਇੱਕ ਬੱਸ ‘ਚੋਂ ਗ੍ਰਿਫਤਾਰ ਕਰਕੇ ਬਾਅਦ ‘ਚ ਉਸ ਖਿਲਾਫ ਮੁਕੱਦਮਾ ਨੰ: 61 ਮਿਤੀ 3/5/2011,ਥਾਣਾ ਖਰੜ ਅਧੀਨ ਧਾਰਾ 10, 13, 18, 20 ਗੈਰ ਕਾਨੂੰਨੀ ਕਾਰਵਾਈਆਂ (ਰੋਕੂ) ਕਾਨੂੰਨ 1967 (ਗੈਰ ਕਨੂੰਨੀ ਅਤੇ ਦਹਿਸ਼ਤਗਰਦ ਸਰਗਰਮੀਆਂ ‘ਚ ਸ਼ਾਮਲ ਹੋਣ), ਧਾਰਾ 25, 54, 59, ਅਸਲਾ ਕਾਨੂੰਨ (ਨਜਾਇਜ ਅਸਲਾ ਰੱਖਣ) ਅਤੇ ਧਾਰਾ 121 (ਸਰਕਾਰ ਦੇ ਖਿਲਾਫ ਬਗਾਵਤ ਭੜਕਾਉਣ) 419, 420, 471 (ਧੋਖਾਧੜੀ ਕਰਨ ਅਤੇ ਜਾਲ੍ਹੀ ਦਸਤਾਵੇਜ ਬਣਾਉਣ) ਭਾਰਤੀ ਦੰਡਾਵਲੀ (IPC) ਤਹਿਤ ਦਰਜ ਕਰ ਲਿਆ। 4 ਮਈ ਨੂੰ ਉਸਨੂੰ ਖਰੜ ਦੀ ਇਕ ਅਦਾਲਤ ‘ਚ ਪੇਸ਼ ਕਰ ਕੇ 9 ਮਈ ਤੱਕ ਉਸ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ। ਉਸ ਵੱਲੋਂ ਅਦਾਲਤ ‘ਚ ਮੰਗ ਕੀਤੇ ਜਾਣ ਦੇ ਬਾਵਜੂਦ ਉਸ ਨੂੰ ਕਾਨੂੰਨੀ ਅਤੇ ਡਾਕਟਰੀ ਸਹਾਇਤਾ ਮੁਹਈਆ ਨਹੀਂ ਕਰਵਾਈ ਗਈ। ਪੁਲਿਸ ਰਿਮਾਂਡ ਦੇ ਦੌਰਾਨ ਉਸ ਨੂੰ ਗੈਰ ਮਨੁੱਖੀ ਤਸੀਹੇ ਦਿੱਤੇ ਗਏ ਅਤੇ ਉਸ ‘ਤੇ ਅੰਨ੍ਹਾ ਤਸ਼ੱਦਦ ਢਾਹਿਆ ਗਿਆ। 6 ਮਈ 2011 ਨੂੰ ਮਨੁੱਖੀ ਅਧਿਕਾਰਾਂ ਲਈ ਜਦੋ ਜਹਿਦ ਕਰ ਰਹੇ ਵਕੀਲ ਸ੍ਰੀ ਆਰ ਐਸ ਬੈਂਸ ਅਤੇ ਹਰਿੰਦਰ ਪਾਲ ਸਿੰਘ ਈਸ਼ਰ ਨੇ ਸੰਬੰਧਤ ਅਦਾਲਤ ‘ਚ ਅਰਜ਼ੀ ਲਾ ਕੇ ਪੁਲਿਸ ਤਫ਼ਤੀਸ਼ ਦੌਰਾਨ ਵਕੀਲਾਂ ਦੀ ਹਾਜ਼ਰੀ ਅਤੇ ਹਰਭਿੰਦਰ ਦੀ ਡਾਕਟਰੀ ਜਾਂਚ ਦੀ ਮੰਗ ਕੀਤੀ। ਸਰਕਾਰ ਵੱਲੋਂ ਦੇਸ਼ ਦੀ ਸੁਰੱਖਿਆ ਦੀ ਦੁਹਾਈ ਪਾਉਂਦਿਆਂ ਇਸ ਅਰਜ਼ੀ ਦਾ ਡਟ ਕੇ ਵਿਰੋਧ ਕੀਤਾ, ਪ੍ਰੰਤੂ ਅਦਾਲਤ ਵੱਲੋਂ ਹਰਭਿੰਦਰ ਸਿੰਘ ਦੇ ਵਕੀਲਾਂ ਨੂੰ ਹਰ ਰੋਜ਼ ਸ਼ਾਮ 7 ਤੋਂ 8 ਵਜੇ ਤੱਕ ਉਸ ਨੂੰ ਥਾਣੇ ਵਿਚ ਮਿਲ਼ਣ ਦੀ ਇਜਾਜ਼ਤ ਦੇ ਦਿੱਤੀ ਗਈ ਅਤੇ ਪੁਲਿਸ ਨੂੰ ਹਰ 48 ਘੰਟਿਆਂ ਬਾਅਦ ਉਸ ਦੀ ਡਾਕਟਰੀ ਪੜਤਾਲ਼ ਕਰਵਾਉਣ ਦਾ ਹੁਕਮ ਵੀ ਦਿੱਤਾ ਗਿਆ।

ਇਸ ਅਦਾਲਤੀ ਹੁਕਮ ਤੋਂ ਚਿੜ੍ਹ ਕੇ ਰੋਪੜ ਅਤੇ ਬਠਿੰਡਾ ਜਿਲੇ ਦੀ ਪੁਲਿਸ ਦੀ ਇਕ ਸਾਂਝੀ ਟੀਮ ਨੇ 6 ਮਈ ਦੀ ਸ਼ਾਮ ਨੂੰ ਹਰਭਿੰਦਰ ਦੇ ਸਰਾਭਾ ਨਗਰ ਰਾਮਪੁਰਾ ਵਿਚਲੇ ਘਰ ‘ਤੇ ਆ ਛਾਪਾ ਮਾਰਿਆ। ਉਸ ਵੇਲ਼ੇ ਘਰ ਨੂੰ ਜਿੰਦਰਾ ਲੱਗਾ ਹੋਇਆ ਸੀ। ਚਾਬੀਆਂ ਹਾਸਲ ਕਰਨ ਲਈ ਪੁਲਿਸ ਨੇ ਆਂਢ ਗੁਆਂਢ ਦੇ ਲੋਕਾਂ ਨਾਲ਼ ਬਦਸਲੂਕੀ ਕੀਤੀ, ਗਾਲ਼ਾਂ ਕੱਢੀਆਂ ਅਤੇ ਧਮਕੀਆਂ ਦਿੱਤੀਆਂ। ਲੋਕਾਂ’ਤੇ ਦਹਿਸ਼ਤ ਪਾਉਣ ਦੇ ਇਰਾਦੇ ਨਾਲ਼ ਨੇੜਲੇ ਘਰਾਂ ‘ਚ ਰਹਿੰਦੇ ਜਨਤਕ ਜਥੇਬੰਦੀਆਂ ਦੇ ਆਗੂ ਕੇਸ਼ੋ ਦੇਵ (ਮਾਸ ਐਜੂਕੇਸ਼ਨ ਅਤੇ ਸੂਚਨਾ ਅਧਿਕਾਰੀ ਸਿਹਤ ਵਿਭਾਗ) ਉਸ ਦੇ ਭਰਾ ਹਰਮੇਸ਼ ਪਟਵਾਰੀ ਅਤੇ ਟੀ. ਐਸ. ਯੂ. ਦੇ ਆਗੂ ਗੁਰਦੀਪ ਸਿੰਘ ਦੇ ਘਰਾਂ ‘ਚ ਛਾਪੇ ਮਾਰੇ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਡਰਾਇਆ ਧਮਕਾਇਆ। ਘਰਾਂ ਦੀ ਤਲਾਸ਼ੀ ਲਈ ਗਈ। ਠਾਣਾ ਗਿੱਲ ਕਲਾਂ ਦਾ ਮੁਖ ਅਫ਼ਸਰ 20-25 ਸਿਪਾਹੀਆਂ ਸਮੇਤ ਸਰਾਭਾ ਨਗਰ ਦੀਆਂ ਗਲ਼ੀਆਂ ‘ਚ ਖੜਦੁੰਬ ਮਚਾਉਂਦਾ ਲੋਕਾਂ ਨੂੰ ਅਵਾ-ਤਵਾ ਬੋਲਦਾ ਰਿਹਾ। ਪੁਲਸ ਹਰਭਿੰਦਰ ਜਲਾਲ ਦੇ ਘਰੋਂ ਉਸਦੇ ਪਰਿਵਾਰਕ ਮੈਂਬਰਾਂ ਦੀ ਗ਼ੈਰ-ਹਾਜਰੀ ਵਿੱਚ ਜਬਰੀ ਦਾਖਲ ਹੋ ਕੇ ਉਸਦੇ ਬੱਚੇ ਦਾ ਕੰਪਿਊਟਰ, ਬਹੁਤ ਸਾਰੀਆਂ ਕਿਤਾਬਾਂ, ਜਿੰਨ੍ਹਾਂ ‘ਚੋਂ ਕੋਈ ਵੀ ਗੈਰ-ਕਨੂੰਨੀ ਜਾਂ ਪਾਬੰਦੀਸ਼ੁਦਾ ਨਹੀਂ ਸੀ ਅਤੇ ਘਰ ਦਾ ਸਮਾਨ ਚੁੱਕ ਕੇ ਲੈ ਗਈ। ਇਸ ਸਾਰੇ ਸਮਾਨ ਦੀ ਪੁਲਸ ਵਲੋਂ ਕਿਤੇ ਬਰਾਮਦਗੀ ਨਹੀਂ ਦਰਜ ਕੀਤੀ ਗਈ।

9 ਮਈ ਨੂੰ ਹਰਭਿੰਦਰ ਜਲਾਲ ਨੂੰ ਖਰੜ ਦੀ ਇੱਕ ਅਦਾਲਤ ‘ਚ ਪੇਸ ਕੀਤਾ ਗਿਆ ਤਾਂ ਉਸਨੂੰ ਮਿਲਣ ਆਏ ਦਰਜਨਾ ਲੋਕਾਂ ਨੂੰ ਉਸ ਕੋਲ ਢੁਕਣ ਨਹੀ ਦਿੱਤਾ | ਪੁਲਿਸ ਨੇ ਉਸਨੂੰ ਰਾਂਚੀ ਲਿਜਾ ਕੇ ਕੁੱਝ ਵਸਤਾਂ ਬਰਾਮਦ ਕਰਨ ਦਾ ਝੂਠਾ ਬਹਾਨਾ ਬਣਾ ਕੇ ਉਸ ਦਾ ਪੰਜ ਦਿਨਾ ਦਾ ਹੋਰ ਰਿਮਾਂਡ ਹਾਸਲ ਕਰ ਲਿਆਂ। ਪ੍ਰੰਤੂ ਬਾਅਦ ਉਸਨੂੰ ਲਿਜਾਇਆ ਕਿਤੇ ਵੀ ਨਹੀ ਗਿਆ|

ਸੇਲਬਰ੍ਹਾ ਪਿੰਡ ਦੀਆਂ ਘਟਨਾਵਾਂ ਵਾਰੇ:-
ਪਿੰਡ ਸੇਲਬਰਾਹ ਵਿਚ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਪਿੰਡ ਦੀ ਪੰਚਾਇਤ, ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਅਤੇ ਸਮਾਜਿਕ ਸੰਸਥਾਵਾ ਨੇ ਮਿਲ ਕੇ ਡੀ. ਸੀ. ਅਤੇ ਹੋਰ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ। ਐਸ. ਡੀ. ਐਮ. ਫੂਲ ਵੱਲੋਂ ਠੇਕਾ ਨਾ ਖੋਲ੍ਹਣ ਦਾ ਭਰੋਸਾ ਵੀ ਦਿਵਾਇਆ ਗਿਆ। ਇਸੇ ਤਰ੍ਹਾਂ ਪਿੰਡ ਕੋਟੜਾ ਕੌੜਿਆਂ ਵਾਲਾ ਵਿਚ ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ, ਪੰਚਾਇਤ ਅਤੇ ਕਲੱਬਾਂ ਵੱਲੋਂ ਜਿਲ੍ਹਾ ਅਧਿਕਾਰੀਆਂ, ਉਪ ਮੁੱਖ ਮੰਤਰੀ ਸ਼੍ਰੀ ਸੁਖਬੀਰ ਸਿੰਘ ਬਾਦਲ ਅਤੇ ਪਾਰਲੀਮੈਂਟ ਮੈਂਬਰ ਸ਼੍ਰੀ ਮਤੀ ਹਰਸਿਮਰਤ ਕੌਰ ਬਾਦਲ ਨੂੰ ਮੰਗ ਪੱਤਰ ਦੇ ਕੇ ਠੇਕਾ ਪਿੰਡ ਤੋਂ ਬਾਹਰ ਲੈ ਕੇ ਜਾਣ ਦੀ ਬੇਨਤੀ ਕੀਤੀ ਗਈ। ਜਮਹੂਰੀਅਤ ਦਾ ਦਾਅਵਾ ਕਰਦੀਆਂ ਸਰਕਾਰਾਂ ਨੇ ਲੋਕਾਂ ਦੀ ਇਸ ਜਾਇਜ਼ ਮੰਗ ‘ਤੇ ਕੋਈ ਗੌਰ ਨਹੀਂ ਕੀਤਾ ਅਤੇ ਸਰਕਾਰੀ ਜ਼ਬਰ ਦੇ ਜ਼ੋਰ ਠੇਕਾ ਚਲਾਉਣ ਦੀ ਧਾਰ ਲਈ।

ਪਿੰਡ ਸੇਲਬਰਾਹ ਵਿੱਚ ਪਿਛਲੇ ਇਕ ਦਹਾਕੇ ਤੋਂ ਭਾਵੇਂ ਕੋਈ ਠੇਕਾ ਮਨਜ਼ੂਰ ਨਹੀਂ ਹੈ ਪ੍ਰੰਤੂ ਇਸ ਦੇ ਬਾਵਜੂਦ ਬੀਰਬਲ ਸਿੰਘ ਉਰਫ਼ ਬਿੱਡੀ ਪੁਲਿਸ ਕੋਲ ਆਪਣੇ ਦਿੱਤੇ ਬਿਆਨ ਅਨੁਸਾਰ ਪਿੱਛਲੇ 8-9 ਸਾਲਾਂ ਤੋਂ ਆਪਣੇ ਘਰ ਵਿਚ ਦੁਕਾਨ ਬਣਾ ਕੇ ਨਜਾਇਜ ਸ਼ਰਾਬ ਵੇਚਦਾ ਰਿਹਾ ਹੈ। ਇਸ ਸਾਲ ਉਸ ਨੇ ਪੌਂਟੀ ਚੱਢਾ ਦੇ ਗਰੁੱਪ ਨਾਲ਼ ਸ਼ਰਾਬ ਵੇਚਣ ਦਾ ਸਮਝੌਤਾ ਕੀਤਾ ਸੀ। ਜਦੋਂ 31 ਮਾਰਚ ਦੀ ਰਾਤ ਨੂੰ ਉਹ ਸ਼ਰਾਬ ਦਾ ਟਰੱਕ ਲੈ ਕੇ ਪਿੰਡ ਆਇਆ ਤਾਂ ਠੇਕਾ ਖੋਲ੍ਹੇ ਜਾਣ ਦਾ ਵਿਰੋਧ ਕਰਨ ਵਾਲੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਮੌਕੇ ‘ਤੇ ਬੁਲਾ ਕੇ 45 ਪੇਟੀਆਂ ਨਜਾਇਜ਼ ਸ਼ਰਾਬ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਪੁਲਿਸ ਨੇ ਬੀਰਬਲ ਸਿੰਘ ਉਰਫ਼ ਬਿੱਡੀ ਉਪਰ ਨਜਾਇਜ਼ ਸ਼ਰਾਬ ਰੱਖਣ ਦਾ ਮੁਕੱਦਮਾ ਦਰਜ ਕਰਨ ਦੀ ਥਾਂ ਉਲਟਾ 15 ਵਿਅਕਤੀਆਂ ਜਿਨ੍ਹਾਂ ਵਿੱਚ 4 ਔਰਤਾਂ ਵੀ ਸ਼ਾਮਲ ਹਨ, ਖਿਲਾਫ ਸੰਗੀਨ ਧਾਰਾਵਾਂ ਅਧੀਨ ਮੁਕੱਦਮਾ ਨੰ: 20 ਮਿਤੀ 3/4/2011 ਦਰਜ ਕਰ ਲਿਆ।

28 ਅਪ੍ਰੈਲ ਦੀ ਰਾਤ ਨੂੰ ਸ਼ਰਾਬ ਮਾਫ਼ੀਏ ਦੇ ਏਜੰਟ ਬੀਰਬਲ ਉਰਫ਼ ਬਿੱਡੀ ਨੇ, ਕਿਸਾਨ ਆਗੂ ਸੁਰਮਖ ਸਿੰਘ ਸਿੱਧੂ ਦੇ ਘਰੇ ਬਦਮਾਸ਼ ਭੇਜੇ ਜੋ ਉਸ ਦੇ ਦਰਵਾਜ਼ੇ ਭੰਨ ਕੇ ਅੰਦਰ ਵੜ੍ਹ ਗਏ। ਸੁਰਮਖ ਸਿੰਘ ਸਿੱਧੂ ਘਰ ਨਹੀਂ ਸੀ। ਉਸ ਦੀ ਪਤਨੀ ਨੇ ਲੋਕਾਂ ਨੂੰ ਫੋਨ ਕਰ ਕੇ ਇਸ ਬਾਰੇ ਸੂਚਨਾ ਦਿੱਤੀ। ਜਦੋਂ ਲੋਕ ਇਕੱਠੇ ਹੋਏ ਤਾਂ ਬਦਮਾਸ਼ ਉਥੋਂ ਭੱਜ ਗਏ। ਇਸ ਘਟਨਾ ਤੇ ਅਫ਼ਸੋਸ ਪ੍ਰਗਟ ਕਰਨ ਦੀ ਥਾਂ 30 ਅਪ੍ਰੈਲ ਸ਼ਾਮ ਨੂੰ ਉਸ ਨੇ ਸ਼ਰੇਆਮ ਲੋਕਾਂ ਸਾਮ੍ਹਣੇ ਬਦਮਾਸ਼ ਭੇਜਣ ਦੀ ਗੱਲ ਮੰਨੀ ਅਤੇ ਲੋਕਾਂ ਨੂੰ ਚਣੌਤੀ ਦਿੰਦਿਆਂ ਕਿਹਾ ਕਿ ਉਹ ਜੋ ਮਰਜ਼ੀ ਕਰ ਲੈਣ ਪਰ ਉਸ ਦਾ ਕੁੱਝ ਨਹੀਂ ਵਿਗਾੜ ਸਕਦੇ। ਅਗਲੇ ਦਿਨ ਪਿੰਡ ਦੇ ਲੋਕੀਂ ਇਸ ਘਟਨਾ ਦੀ ਸੂਚਨਾ ਦੇਣ ਲਈ ਇਕੱਠੇ ਹੋ ਕੇ ਉਪ ਮੰਡਲ ਅਧਿਕਾਰੀਆਂ ਕੋਲ ਗਏ ਪ੍ਰੰਤੂ ਲੋਕ ਰੋਹ ਨੂੰ ਨਜ਼ਰ ਅੰਦਾਜ਼ ਕਰਦਿਆਂ ਕਿਸੇ ਅਧਿਕਾਰੀ ਨੇ ਉਨ੍ਹਾਂ ਤੋਂ ਮੰਗ ਪੱਤਰ ਨਹੀਂ ਲਿਆ। ਲੋਕਾਂ ਨੇ ਠਾਣਾ ਫੂਲ ਮੂਹਰੇ ਰੋਸ ਪ੍ਰਦਰਸ਼ਨ ਕੀਤਾ। ਉਸੇ ਦਿਨ ਸ਼ਾਮ ਨੂੰ ਬੀਰਬਲ ਸਿੰਘ ਉਰਫ਼ ਬਿੱਡੀ ਨੇ ਕੁੱਝ ਬਦਮਾਸ਼ਾਂ ਨਾਲ਼ ਮਿਲ ਕੇ ਪਿੰਡ ਦੇ ਇਕ ਨੌਜੁਆਨ ਨੂੰ ਆਪਣੀ ਜਸੂਸੀ ਕਰਨ ਦੇ ਬਹਾਨੇ ਹੇਠ ਕੁੱਟ ਸੁੱਟਿਆ। ਲੋਕ ਜਦੋਂ ਇਸ ਬਾਰੇ ਗੱਲ ਕਰਨ ਆਏ ਤਾਂ ਬੀਰਬਲ ਆਪਣੇ ਸਹਿਯੋਗੀਆਂ ਸਮੇਤ ਪਹਿਲਾਂ ਹੀ ਲੜਾਈ ਦੀ ਤਿਆਰੀ ਕਰੀ ਬੈਠਾ ਸੀ। ਉਸ ਨੇ ਆਪਣੇ ਕੋਠੇ ਉਪਰ ਭਾਰੀ ਮਾਤਰਾ ਵਿਚ ਇੱਟਾਂ ਰੋੜੇ ਆਦਿ ਰੱਖੇ ਹੋਏ ਸਨ। ਨਾਲ ਹੀ ਉਸ ਨੇ ਪੁਲਿਸ ਬੁਲਾ ਲਈ। ਪੁਲਿਸ ਵੀ ਮਾਮਲਾ ਗੱਲਬਾਤ ਰਾਹੀਂ ਹੱਲ ਕਰਨ ਦੀ ਥਾਂ ਲੋਕਾਂ ਨੂੰ ਕੁੱਟਣ ਦਾ ਇਰਾਦਾ ਧਾਰ ਕੇ ਆਈ ਸੀ। ਠੇਕੇ ਦਾ ਵਿਰੋਧ ਕਰ ਰਹੇ ਲੋਕਾਂ ਦਾ ਪੁਲਿਸ ਨਾਲ ਟਕਰਾ ਹੋਇਆ ਜਿਸ ਵਿਚ ਦੋਵਾਂ ਪਾਸਿਆਂ ਤੋਂ ਹੀ ਲੋਕੀਂ ਜ਼ਖਮੀ ਹੋਏ। ਪੁਲਿਸ ਦੀ ਇਕ ਗੱਡੀ ਵੀ ਲੋਕਾਂ ਦੇ ਗੁੱਸੇ ਦਾ ਨਿਸ਼ਾਨਾ ਬਣੀ। ਇਸ ਦੌਰਾਨ ਕੁੱਝ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਦੇ ਗੁੱਸੇ ਦੀ ਮਾਰ ਵੀ ਝੱਲਣੀ ਪਈ। ਇਸੇ ਅਫ਼ਰਾ ਤਫ਼ਰੀ ਦੌਰਾਨ ਇਕ ਪੁਲਿਸ ਮੁਲਾਜ਼ਮ ਕੋਲ਼ੋਂ ਉਸ ਦੀ ਸੈਲਫ ਲੋਡਿੰਗ ਰਾਈਫ਼ਲ ਡਿੱਗ ਪਈ ਜੋ ਬਾਅਦ ਵਿਚ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਪੁਲਿਸ ਨੂੰ ਵਾਪਸ ਕਰ ਦਿੱਤੀ। ਜ਼ਖਮੀ ਪੁਲਸ ਮੁਲਾਜ਼ਮਾਂ ਨੂੰ ਰੱਬ ਆਸਰੇ ਛੱਡ ਕੇ ਪੁਲਿਸ ਅਧਿਕਾਰੀ ਉਥੋਂ ਖਿਸਕ ਗਏ। ਲੋਕਾਂ ਨੇ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਰੱਖਿਆ ਅਤੇ ਬਾਅਦ ਵਿਚ ਬਠਿੰਡੇ ਤੋਂ ਆਏ ਪੁਲਸ ਦੇ ਉੱਚ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਦੇ ਸੰਬੰਧ ਵਿਚ ਪੁਲਿਸ ਨੇ ਮੁਕੱਦਮਾ ਨੰ: 26 ਮਿਤੀ 1ਮਈ 2011 ਇਰਾਦਾ ਕਤਲ ਅਤੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ‘ਚ ਵਿਘਨ ਪਾਉਣ ਵਰਗੀਆਂ ਸੰਗੀਨ ਧਾਰਾਵਾਂ ਤਹਿਤ 15 ਪਹਿਚਾਣੇ ਅਤੇ 200-225 ਬਿਨਾ ਪਹਿਚਾਣੇ ਮਰਦ ਔਰਤਾਂ ਦੇ ਖਿਲਾਫ਼ ਦਰਜ ਕਰ ਲਿਆ। ਅਗਲੇ ਦਿਨ ਤੱਕ ਪਿੰਡ ਦੇ ਜ਼ੁੰਮੇਵਾਰ ਵਿਅਕਤੀਆਂ ਦੇ ਦਖ਼ਲ ਨਾਲ਼ ਪੁਲਿਸ ਦੇ ਸਾਰੇ ਕਰਮਚਾਰੀ ਅਤੇ ਘਬਰਾਹਟ ਵਿਚ ਡਿੱਗੀ ਹੋਈ ਰਾਈਫ਼ਲ ਪੁਲਿਸ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ ਗਈ ਸੀ ਪ੍ਰੰਤੂ ਪੁਲਿਸ ਨੇ ਲੋਕਾਂ ਨੂੰ ਸਬਕ ਸਿਖਾਉਣ ਦੀ ਇਕ ਖ਼ਤਰਨਾਕ ਸਕੀਮ ਇਲਾਕੇ ਦੇ ਅਕਾਲੀ ਆਗੂਆਂ ਅਤੇ ਸ਼ਰਾਬ ਮਾਫ਼ੀਏ ਨਾਲ਼ ਮਿਲ ਕੇ ਤਿਆਰ ਕਰ ਲਈ ਸੀ, ਜਿਸ ਦੇ ਤਹਿਤ ਪਿੰਡ ਦੇ ਲੋਕਾਂ ਨੂੰ ਗੁਰਦੁਆਰੇ ਦੇ ਸਪੀਕਰ ਵਿਚ ਅਨਾਊਂਸ ਕਰ ਕੇ ਇਹ ਯਕੀਨ ਦਹਾਨੀ ਕੀਤੀ ਗਈ ਕਿ ਪੁਲਿਸ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰੇਗੀ ਅਤੇ ਉਨ੍ਹਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਪਰ 2 ਮਈ ਨੂੰ ਸਵੇਰੇ ਐਸ. ਪੀ. ਸਿਟੀ ਹਤਿੰਦਰ ਘਈ, ਐਸ. ਪੀ. ਜਤਿੰਦਰਪਾਲ ਸਿੰਘ ਬਹਿਣੀਵਾਲ ਅਤੇ ਡੀ. ਐਸ. ਪੀ. ਫੂਲ ਵਿਨੋਦ ਚੌਧਰੀ ਦੀ ਅਗਵਾਈ ਵਿਚ ਲੱਗਭੱਗ 200 ਪੁਲਿਸ ਮੁਲਾਜ਼ਮਾਂ ਨੇ ਸਵਖਤੇ ਹੀ ਪਿੰਡ ਨੂੰ ਘੇਰਾ ਪਾਕੇ ਲੋਕਾਂ ਨੂੰ ਸੁੱਤੇ ਪਿਆਂ ਹੀ ਨੱਪ ਲਿਆ। ਪੁਲਸ ਪਾਰਟੀ ਨੇ ਦਲਿਤ ਬਸਤੀ ਵੱਲੋਂ ਸ਼ੁਰੂ ਕਰ ਕੇ ਸਾਰੇ ਪਿੰਡ ਦੇ ਲੋਕਾਂ ‘ਤੇ ਅੰਨਾਂ ਤਸ਼ੱਦਦ ਕੀਤਾ। ਜਿਹੜੇ ਮਰਦ, ਔਰਤ, ਬੱਚੇ, ਜਾਂ ਬੁੱਢੇ ਪੁਲਿਸ ਦੇ ਹੱਥ ਆਏ, ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ, ਡਾਂਗਾਂ ਨਾਲ਼ ਕੁੱਟਿਆ ਅਤੇ ਜਲੀਲ ਕੀਤਾ ਗਿਆ। ਘਰਾਂ ਦਾ ਕੀਮਤੀ ਸਾਮਾਨ ਜਿਵੇਂ ਫਰਿੱਜ, ਟੀ. ਵੀ. ਬਿਜਲੀ ਦੇ ਪੱਖੇ, ਕੂਲਰ, ਬਿਜਲੀ ਦੇ ਮੀਟਰ, ਠੰਢੇ ਪਾਣੀ ਵਾਲ਼ੇ ਕੈਂਪਰ, ਰਸੋਈ ਦੇ ਬਰਤਨ ਆਦਿ ਭੰਨ ਦਿੱਤੇ। ਸਿਲਾ ਚੁਗ ਕੇ ਪਰਿਵਾਰ ਦਾ ਢਿੱਡ ਭਰਨ ਲਈ ਇਕੱਠੀ ਕੀਤੀ ਕਣਕ ਵਿਹੜੇ ਵਿਚ ਖਿਲਾਰ ਦਿੱਤੀ। ਪਸ਼ੂਆਂ ਦੇ ਸੰਗਲ਼ ਖੋਲ੍ਹ ਕੇ ਡੰਡੇ ਮਾਰ ਕੇ ਘਰੋਂ ਭਜਾ ਦਿੱਤੇ ਗਏ। ਕੰਧਾਂ ਕੌਲ਼ੇ ਢਾਹ ਦਿੱਤੇ ਤੇ ਘਰਾਂ ਦੇ ਦਰਵਾਜ਼ੇ ਤੋੜ ਦਿੱਤੇ ਗਏ। ਔਰਤਾਂ ਨੂੰ ਗੁੱਤਾਂ ਤੋਂ ਫੜ ਕੇ ਘੜੀਸਿਆ ਅਤੇ ਉਨ੍ਹਾਂ ਦੇ ਕਪੜੇ ਪਾੜ ਦਿੱਤੇ, ਲੋਕਾਂ ਦੇ ਘਰਾਂ ‘ਚ ਆਏ ਪ੍ਰਾਹੁਣਿਆਂ ਨੂੰ ਵੀ ਨਹੀਂ ਬਖਸ਼ਿਆ।ਪੁਲਿਸ ਦੇ ਡਰੋਂ ਲੋਕਾਂ ਨੇ ਆਪਣੀਆਂ ਜਵਾਨ ਧੀਆਂ ਰਿਸ਼ਤੇਦਾਰੀਆਂ ‘ਚ ਭੇਜ ਦਿੱਤੀਆਂ ਹਨ| ਦਰਜ਼ਨਾ ਘਰਾ ਨੂੰ ਤਾਲੇ ਲੱਗੇ ਗਏ ਹਨ ਤੇ ਕਈ ਘਰਾਂ ‘ਚ ਇਕੱਲੇ ਪਸ਼ੂ ਹੀ ਧੁੱਪੇ ਖੜੇ ਤੜ੍ਹਪਦੇ ਰਹੇ|

ਠੇਕਾ ਖੋਲਣ ਦਾ ਵਿਰੋਧ ਕਰ ਰਹੇ ਲੋਕਾਂ ਤੇ ਦਹਿਸ਼ਤ ਪਾਉਣ ਲਈ ਅਤੇ ਉਨਾਂ ਦੇ ਹੌਂਸਲੇ ਪਸਤ ਕਰਨ ਲਈ ਪੁਲਿਸ ਨੇ ਅਕਾਲੀ ਆਗੂਆਂ ਦੇ ਇਸ਼ਾਰਿਆਂ ਤੇ ਬੱਚਿਆਂ ਅਤੇ ਔਰਤਾਂ ਸਮੇਤ ਲੱਗਭੱਗ 250 ਤੋਂ ਵੀ ਵੱਧ ਲੋਕਾ ਨੂੰ ਹਿਰਾਸਤ ‘ਚ ਲੈਕੇ ਠਾਣਾ ਦਿਆਲਪੁਰਾ ਅਤੇ ਫੂਲ ਭੇਜ ਦਿੱਤਾ, ਜਿੱਥੇ ਉਨ੍ਹਾਂ ਤੇ ਤਸ਼ਦੱਦ ਢਾਹਿਆ ਗਿਆ। ਠਾਣਾ ਦਿਆਲਪੁਰਾ ਦੀ ਪੁਲਿਸ ਨੇ ਤਸ਼ਦੱਦ ਢਾਹੁਣ ‘ਚ ਸਾਰੀਆਂ ਹੱਦਾ ਬੰਨ੍ਹੇ ਪਾਰ ਕਰ ਦਿੱਤੇ | ਪੁਲਿਸ ਤਸ਼ਦੱਦ ਕਾਰਣ ਭੋਲਾ ਸਿੰਘ ਦਾ ਪੈਰ ਟੁੱਟ ਗਿਆ, ਮੰਦਰ ਸਿੰਘ ਦੇ ਸਿਰ ‘ਚ ਸੱਟ ਲੱਗੀ, ਗੁਰਦੇਵ ਕੌਰ ਉਮਰ 65 ਸਾਲ ਦੀ ਕੁੱਟ ਮਾਰ ਕੀਤੀ ਗਈ| ਸਤਨਾਮ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦਾ ਗੁੱਟ ਟੁੱਟ ਗਿਆ, ਕਾਰੀ ਸਿੰਘ ਦੇ ਮੂੰਹ ਤੇ ਸੱਟ ਲੱਗੀ, ਦੇਵ ਸਿੰਘ ਦੀ ਪਤਨੀ ਨੂੰ ਡਾਂਗਾਂ ਨਾਲ ਕੁੱਟਿਆ, ਕਾਲਾ ਸਿੰਘ ਦੀ ਲੱਤ ਤੇ ਪੈਰ ‘ਤੇ ਸੱਟ ਲੱਗੀ ਤੇ ਦੇਵ ਸਿੰਘ ਨੂੰ ਡਾਂਗਾਂ ਨਾਲ ਕੁੱਟਿਆ ਗਿਆ| ਇਹ ਸਾਰੇ ਵਿਅਕਤੀ ਦਲਿਤ ਹਨ ਅਤੇ ਦਿਆਲਪੁਰੇ ਠਾਣੇ ‘ਚ ਕੁੱਟੇ ਗਏ| 70 ਸਾਲਾ ਗੁਰਦੇਵ ਸਿੰਘ ਜਿਸਦਾ ਹਰਨੀਆ ਦਾ ਔਪਰੇਸ਼ਨ ਹੋਇਆ ਸੀ, ਦੀ ਵੀ ਪੁਲਿਸ ਨੇ ਕੁੱਟ ਮਾਰ ਕੀਤੀ ਅਤੇ ਉਸਦੇ ਲੜਕੇ ਪ੍ਰੇਮ ਸਿੰਘ ਨੂੰ ਕੁੱਟਿਆ ਅਤੇ ਘੜੀਸ ਕੇ ਲੈ ਗਈ। ਵੇਖਣ ਅਤੇ ਸੁਨਣ ਤੋਂ ਆਹਰੀ 80 ਸਾਲਾ ਬਜੁਰਗ ਔਰਤ ਗੁਰਦਿਆਲ ਕੌਰ ਨੂੰ ਵੀ ਕੁੱਟਿਆ ਤੇ ਘੜੀਸਿਆ ਗਿਆ| ਸਾਰਾ ਦਿਨ ਠਾਣਿਆਂ ਦੀਆਂ ਹਵਾਲਾਤਾਂ ‘ਚ ਰੁਲਦਿਆਂ ਪੁਲਿਸ ਦੀਆਂ ਗਾਲਾਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਪੁਲਿਸ ਨੇ ਦੇਰ ਰਾਤ ਅਕਾਲੀ ਆਗੂਆ ਦੀ ਸਿਫਾਰਸ਼ ਦਾ ਬਹਾਨਾ ਬਣਾਕੇ ਛੱਡ ਦਿੱਤਾ| 7 ਔਰਤਾਂ,13 ਮਰਦਾਂ ਅਤੇ ਇੱਕ ਦੋ ਸਾਲਾ ਬੱਚੇ ਨੂੰ ਰਸਮੀ ਤੌਰ ਤੇ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕਰ ਦਿੱਤਾ| ਛੱਡੇ ਗਏ ਵਿਅਕਤੀਆਂ ਨੂੰ ਇਹ ਸੁਨਾਉਣੀ ਵੀ ਕਰ ਦਿੱਤੀ ਕਿ ਅੱਗੇ ਤੋਂ ਠੇਕੇ ਖਿਲਾਫ ਹੋਣ ਵਾਲੇ ਧਰਨੇ – ਮੁਜਾਹਰਿਆਂ ‘ਚ ਨਹੀ ਜਾਣਾ|

ਭਾਵੇਂ ਠੇਕਾ ਖੋਲਣ ਦਾ ਵਿਰੋਧ ਪਿੰਡ ਦੇ ਲੱਗਭੱਗ ਸਾਰੇ ਲੋਕਾ ਨੇ ਹੀ ਕੀਤਾ ਸੀ ਪਰੰਤੂ ਪੁਲਿਸ ਜਬਰ ਦਾ ਕੁਹਾੜਾ ਮੁੱਖ ਰੂਪ ‘ਚ ਦਲਿਤਾਂ ਦੇ ਪਿੰਡਿਆਂ ਤੇ ਵਰ੍ਹਿਆ| ਟੀਮ ਵੱਲੋਂ ਇੱਕਠੀ ਕੀਤੀ ਜਾਣਕਾਰੀ ਅਨੁਸਾਰ ਇਸਦੇ ਤਿੰਨ ਪ੍ਰਮੁੱਖ ਕਾਰਣ ਹਨ:-

1. ਅਕਾਲੀ ਆਗੂਆਂ ਦੀ ਛਤਰਛਾਇਆ ਹੇਠ ਨਜਾਇਜ਼ ਸ਼ਰਾਬ, ਦਲਿਤ ਬਸਤੀ ‘ਚ ਉਨ੍ਹਾਂ ਦੇ ਏਜੰਟ ਬੀਰਬਲ ਦੇ ਘਰੋਂ ਹੀ ਵੇਚੀ ਜਾਂਦੀ ਸੀ। ਪਿੰਡ ਦੀਆਂ ਦਲਿਤ ਔਰਤਾਂ ਨੂੰ ਲਗਦਾ ਸੀ ਕਿ ਇਸ ਦਾ ਸਭ ਤੋਂ ਮਾੜਾ ਅਸਰ ਉਨ੍ਹਾ ਦੇ ਘਰਾਂ ਤੇ ਪਵੇਗਾ| ਦੂਜਾ ਉਸ ਥਾਂ ਦੇ ਬਿਲਕੁਲ ਨੇੜੇ ਜਿੱਥੇ ਦਲਿਤ ਔਰਤਾਂ ਲਈ ਪਖਾਨੇ ਬਣੇ ਹੋਏ ਹਨ, ਠੇਕੇ ਦੇ ਖੁਲ੍ਹਣ ਨਾਲ ਆਂਡਿਆਂ ਦੀਆਂ ਰੇਹੜੀਆਂ ਆਦਿ ਲੱਗ ਜਾਂਦੀਆਂ ਹਨ, ਜਿੱਥੇ ਖੜ੍ਹ ਕੇ ਸ਼ਰਾਬੀ ਖਰੂਦ ਪਾਉਂਦੇ ਹਨ ਅਤੇ ਜਿਥੋਂ ਔਰਤਾਂ ਦਾ ਲੰਘਣਾਂ ਮੁਸ਼ਕਲ ਹੋ ਜਾਂਦਾ ਹੈ| ਸਰਾਬੀਆਂ ਵੱਲੋਂ ਔਰਤਾਂ ਨਾਲ ਦੁਰਵਿਹਾਰ ਅਤੇ ਪਖਾਨਿਆਂ ‘ਚ ਵੜਨ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ | ਇਸ ਲਈ ਦਲਿਤ ਔਰਤਾਂ ਇੱਥੇ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ਦਾ ਸੱਭ ਤੋਂ ਵੱਧ ਵਿਰੋਧ ਕਰ ਰਹੀਆਂ ਸਨ|

2. ਪਿੰਡ ਦੀ ਪੰਚਾਇਤ ‘ਚ ਸਰਪੰਚ ਚਾਹੇ ਕਾਂਗਰਸ ਪਾਰਟੀ ਨਾਲ ਸਬੰਧਤ ਹੈ ਪਰ ਬਹੁ-ਗਿਣਤੀ ਪੰਚ ਅਕਾਲੀ ਪਾਰਟੀ ਦੇ ਹਨ| ਪਹਿਲਾ ਸਾਰੀ ਪੰਚਾਇਤ ਨੇ ਠੇਕੇ ਦੇ ਵਿਰੋਧ ‘ਚ ਮਤਾ ਪਾਇਆ ਸੀ| ਪ੍ਰੰਤੂ ਬਾਅਦ ‘ਚ ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੀ ਹਮਾਇਤ ਨਾਲ ਕੁੱਝ ਖੇਤ ਮਜ਼ਦੂਰਾਂ ਵੱਲੋਂ ਪੰਚਾਇਤੀ ਜਮੀਨ ਚੋਂ ਦਲਿਤਾਂ ਹਿੱਸੇ ਆਉਂਦੀ ਜਮੀਨ ਲਈ ਇੱਕ ਅਕਾਲੀ ਪੰਚ ਤੋਂ ਵਧਕੇ ਬੋਲੀ ਦੇਣ ਅਤੇ ਜਮੀਨ ਠੇਕੇ ਤੇ ਲੈਣ ਕਾਰਣ ਅਕਾਲੀ ਪੰਚ ਠੇਕੇ ਦੇ ਮਾਮਲੇ ‘ਚ ਸੁਰ ਬਦਲ ਗਏ| ਇਸ ਤੋ ਇਲਾਵਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆ ਜਥੇਬੰਦੀਆਂ ਵਲੋਂ ਨਰੇਗਾ ਸਕੀਮ ਤਹਿਤ , ਅਕਾਲੀ ਪੰਚਾ ਦੇ ਵਿਰੋਧ ਦੇ ਬਾਵਜੂਦ ਸੰਘਰਸ਼ ਰਾਹੀਂ ਫੰਡ ਹਾਸਲ ਕਰਨ ਅਤੇ ਕੰਮ ਸ਼ੁਰੂ ਕਰਵਾ ਲੈਣ ਕਾਰਣ ਇਹ ਪੰਚ ਸ਼ਰਾਬ ਦੇ ਠੇਕੇ ਦਾ ਵਿਰੋਧ ਕਰ ਰਹੀਆਂ ਧਿਰਾਂ ਦੇ ਖਿਲਾਫ ਹੋ ਗਏ।

3. ਸੇਲਬਰ੍ਹਾ ਪਿੰਡ ਤੇ ਪੁਲਿਸ ਦੇ ਕਹਿਰ ਦਾ ਮਕਸਦ 30 ਅਪਰੈਲ ਰਾਤ ਨੂੰ ਦਲਿਤ ਬਸਤੀ ‘ਚ ਵਾਪਰੀ ਘਟਨਾ ਲਈ ਲੋਕਾਂ ਨੂੰ ਸਬਕ ਸਿਖਾਉਣਾ ਸੀ| ਇਸ ਗੱਲ ਦੀ ਪੁਸ਼ਟੀ ਪੱਤਰਕਾਰਾ ਸਾਹਮਣੇ ਫੂਲ ਠਾਣੇ ‘ਚ ਨਸ਼ੇ ਦੀ ਹਾਲਤ ‘ਚ ਇੱਕ ਠਾਣੇਦਾਰ ਦਾ ਇਹ ਕਹਿਣਾ ਹੈ ਕਿ ਪੁਲਿਸ ਦੀ ਬੇਇਜਤੀ ਦਾ ਪਿੰਡ ਵਾਸੀਆਂ ਤੋਂ ਬਦਲਾ ਲੈਣ ਲਈ ਮੈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ।

ਸੇਲਬਰਾਹ ਦੀ ਘਟਨਾ ਵਾਪਰਣ ਤੋਂ ਬਾਅਦ ਪੰਜਾਬ ਦੀਆਂ ਅਨੇਕਾਂ ਰਾਜਨੀਤਕ ਪਾਰਟੀਆਂ, ਜਨਤੱਕ ਜਥੇਬੰਦੀਆ ਅਤੇ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਦੀਆਂ ਟੀਮਾਂ ਇਸ ਪਿੰਡ ‘ਚ ਗਈਆਂ ਅਤੇ ਉਥੇ ਵਾਪਰੀਆਂ ਘਟਨਾਵਾਂ ਦੀ ਪੜਤਾਲ ਕਰਨ ਤੋਂ ਬਾਅਦ ਸਰਕਾਰ ਅਤੇ ਪੁਲਸ ਨੂੰ ਫਿੱਟ ਲਾਂਹਨਤਾਂ ਪਾਈਆਂ| ਇੰਨ੍ਹਾਂ ਸਾਰੀਆਂ ਦੀ ਲੱਗਭੱਗ ਸਰਵਸੰਮਤ ਰਾਏ ਹੈ ਕਿ ਪੁਲਿਸ ਨੇ ਲੋਕਾਂ ਤੇ ਬੇਲੋੜਾ ਜਬਰ ਢਾਹਿਆ ਹੈ ਅਤੇ ਸ਼ਰਾਬ ਮਾਫੀਏ ਦੀ ਨਜਾਇਜ਼ ਪਿੱਠ ਪੂਰੀ ਹੈ| ਇਹ ਇੱਕਮੱਤਤਾ ਇੱਕ ਸ਼ੁਭ ਸ਼ਗਨ ਹੈ|

ਕੋਟੜਾ ਕੌੜਿਆਂ ਵਾਲਾ ਵਿੱਚ ਲੋਕ ਆਗੂਆਂ ‘ਤੇ ਹੋਏ ਜਾਨਲੇਵਾ ਹਮਲੇ ਬਾਰੇ:-

ਬਠਿੰਡੇ ਜਿਲੇ ਦੇ ਪਿੰਡ ਕੋਟੜਾ ਕੌੜਿਆਂ ਵਾਲੇ ਵਿੱਚ ਕਿਸਾਨ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ, ਪਿੰਡ ਦੀ ਪੰਚਾਇਤ, ਸਮਾਜਕ ਕਲੱਬਾਂ ਆਦਿ ਦੀ ਇਹ ਸਾਂਝੀ ਮੰਗ ਸੀ ਕਿ ਸ਼ਰਾਬ ਦਾ ਠੇਕਾ ਪਿੰਡ ਤੋਂ ਬਾਹਰ ਕਢਵਾਇਆ ਜਾਵੇ| ਉਨ੍ਹਾਂ ਦੀ ਮੰਗ ਆਬਕਾਰੀ ਇਸ ਨਿਯਮ ਦੇ ਬਿਲਕੁਲ ਅਨਕੂਲ ਸੀ ਕਿ ਸ਼ਰਾਬ ਦੇ ਠੇਕੇ ਵਸੋਂ ਵਾਲੇ ਖੇਤਰ ਤੋਂ ਦੂਰ ਹੋਣੇ ਚਾਹੀਦੇ ਹਨ| ਪਿੰਡ ਵਾਸੀਆ ਨੇ ਅਧਿਕਾਰੀਆਂ ਤੱਕ ਪਹੁੰਚ ਕਰਨ ਤੋਂ ਬਾਅਦ ਉਪ ਮੁੱਖ-ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਆਪਣਾ ਮੰਗ ਪੱਤਰ ਦਿੱਤਾ ਜਿਸਨੇ ਠੇਕਾ ਪਿੰਡੋਂ ਬਾਹਰ ਕੱਢਵਾਉਣ ਦਾ ਵਾਅਦਾ ਕੀਤਾ| ਪ੍ਰੰਤੂ ਇਹ ਬਾਅਦਾ ਪੂਰਾ ਨਾ ਹੋਇਆ ਕਿਉਂਕਿ ਕੁਝ ਸਥਾਨਕ ਅਕਾਲੀ ਆਗੂ ਸ਼ਰਾਬ ਦਾ ਠੇਕਾ ਪਿੰਡ ਵਿੱਚ ਰੱਖਣ ‘ਤੇ ਹੀ ਬਜਿੱਦ ਸਨ| 12 ਮਈ 2011ਨੂੰ ਪਾਰਲੀਮੈਂਟ ਮੈਂਬਰ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਜਦੋਂ ਪਿੰਡ ਵਿੱਚ ਆਈ ਤਾਂ ਲੋਕਾਂ ਨੇ ਸ਼ਰਾਬ ਦੇ ਠੇਕੇ ਸਬੰਧੀ ਆਪਣਾ ਦੁਖੜਾ ਉਨ੍ਹਾਂ ਕੋਲ ਰੱਖਿਆ| ਉਨ੍ਹਾਂ ਨੇ ਤੁਰੰਤ ਕਾਰਵਾਈ ਕਰਨ ਦਾ ਲਾਰਾ ਲਾਇਆ|13 ਮਈ ਨੂੰ ਸੇਲਬਰਾਹ ਪਿੰਡ ‘ਚ ਪੁਲਸ ਵੱਲੋਂ ਜਬਰ ਦੇ ਖਿਲਾਫ ਐਸ. ਡੀ. ਐਮ ਦਫਤਰ ਦੇ ਸਾਹਮਣੇ ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਧਰਨਾ ਲਾਇਆ ਜਾਣਾ ਸੀ। ਪਿੰਡ ਦਾ ਕਿਸਾਨ ਆਗੂ ਮੋਠੂ ਸਿੰਘ ਜਦੋਂ ਗੁਰਦੁਆਰੇ ਦੇ ਲਾਉਡ ਸਪੀਕਰ ਤੋ ਲੋਕਾਂ ਨੂੰ 13 ਮਈ ਦੇ ਧਰਨੇ ‘ਚ ਸਾਮਲ ਹੋਣ ਦੀ ਅਪੀਲ ਕਰਕੇ ਕੁੱਝ ਮਜ਼ਦੂਰ ਕਿਸਾਨ ਆਗੂਆਂ ਸਮੇਤ ਘਰ ਨੂੰ ਜਾ ਰਿਹਾ ਸੀ ਤਾਂ ਅਕਾਲੀਆਂ ਦੀ ਹੱਲਾਸ਼ੇਰੀ ਨਾਲ ਪਿੰਡ ‘ਚ ਠੇਕਾ ਚਲਾ ਰਹੇ ਵਿਅਕਤੀਆਂ ਨੇ ਉਨ੍ਹਾ ਤੇ ਡਾਂਗਾਂ ਨਾਲ ਜਾਨ ਲੇਵਾ ਹਮਲਾ ਕਰਕੇ ਮੋਠੂ ਸਿੰਘ ਅਤੇ ਦੋ ਖੇਤ ਮਜ਼ਦੂਰ ਆਗੂਆਂ ਨੂੰ ਜਖ਼ਮੀ ਕਰ ਦਿੱਤਾ। ਪੁਲਸ ਨੇ ਹਮਲਾਵਰਾਂ ਦਾ ਬਚਾਅ ਕਰਦਿਆਂ ਲੋਕ ਰੋਹ ‘ਤੇ ਠੰਢਾ ਛਿੜਕਣ ਲਈ ਉਨਾਂ ਤੇ ਨਰਮ ਧਾਰਵਾਂ ਤਹਿਤ ਕੇਸ ਦਰਜ ਕੀਤਾ।ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਦੋਸ਼ੀਆਂ ਖਿਲਾਫ ਢੁਕਵਾਂ ਮੁਕੱਦਮਾਂ ਦਰਜ ਕਰਾਉਣ ਲਈ ਕਈ ਦਿਨ ਬਾਲਿਆਂਵਾਲੀ ਠਾਣੇ ਮੂਹਰੇ ਧਰਨਾ ਲਾਇਆ।ਇਸ ਸੰਘਰਸਲ ਦੇ ਦਬਾਅ ਹੇਠ ਚਾਹੇ ਪੁਲਸ ਨੇ ਦੋਸ਼ੀਆਂ ਖਿਲਾਫ ਇਰਾਦਾ ਕਤਲ ਦਾ ਜੁਰਮ ਜੋੜ ਦਿੱਤਾ ਹੈ ਪਰ ਫਿਰ ਵੀ ਉਨ੍ਹਾਂ ਨੂੰ ਬਚਾਉਣ ਦੀਆਂ ਸਾਜਿਸ਼ਾਂ ਜਾਰੀ ਹਨ।

ਉਕਤ ਘਟਨਾਵਾਂ ਇਹ ਦਰਸਾਉਂਦੀਆਂ ਹਨ ਕਿ:-

1. ਪੁਲਸ ਦੇ ਆਪਣੇ ਬਿਆਨ ਅਨੁਸਾਰ ਕਾ. ਹਰਭਿੰਦਰ ਜਲਾਲ ਦਾ ਕੋਈ ਮੁਜਰਮਾਨਾ ਪਿਛੋਕੜ ਨਹੀਂ ਹੈ। ਹੁਣ ਤੱਕ ਕਦੀ ਉਸਦੇ ਖਿਲਾਫ਼ ਕੋਈ ਫੌਜਦਾਰੀ ਕੇਸ ਦਰਜ ਨਹੀਂ ਹੋਇਆ ਅਤੇ ਨਾਂ ਹੀ ਉਸਨੂੰ ਕਿਸੇ ਗੈਰ-ਕਨੂੰਨੀ ਸਰਗਰਮੀ ਨਾਲ ਸਬੰਧਤ ਪਾਇਆ ਗਿਆ ਹੈ। ਉਹ ਇੱਕ ਲੋਕ-ਪੱਖੀ ਸਿਆਸੀ ਸ਼ਖਸ਼ੀਅਤ ਹੈ।ਪੁਲਸ ਵਲੋਂ ਉਸਦੇ ਖਿਲਾਫ ਘੜੀ ਗਈ ਸਾਰੀ ਕਹਾਣੀ ਝੂਠ ਦਾ ਪੁਲੰਦਾ ਹੈ। ਉਸਦੇ ਘਰ ‘ਤੇ ਮਾਰੇ ਗਏ ਛਾਪੇ ਦੌਰਾਨ ਉਸਦੀ ਨਿੱਜੀ ਲਾਈਬ੍ਰੇਰੀ ‘ਚੋਂ ਕਿਤਾਬਾਂ ਦੀਆਂ ਪੰਡਾਂ ਬੰਨ੍ਹ ਕੇ ਲੈ ਜਾਣਾ ਦਰਸਾਉਂਦਾ ਹੈ ਕਿ ਪੁਲਸ ਨੇ ਕੇਸ ਪਹਿਲਾਂ ਦਰਜ ਕਰ ਲਿਆ ਅਤੇ ਬਾਅਦ ਵਿੱਚ ਸਬੂਤ ਖੜ੍ਹੇ ਕਰਨ ਲਈ ਅੱਕੀਂ-ਪਲਾਹੀਂ ਹੱਥ ਮਾਰ ਰਹੀ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦਾ ਡਾ. ਬਿਨਾਯਕ ਸੇਨ ਦੇ ਕੇਸ ‘ਚ ਇਹ ਸਪੱਸ਼ਟ ਅਦੇਸ਼ ਹੈ ਕਿ ਨਕਸਲੀ ਸਾਹਿਤ ਪੜ੍ਹਨਾ ਜਾਂ ਕੋਲ ਰੱਖਣਾ ਕੋਈ ਜੁਰਮ ਨਹੀਂ ਹੈ। ਪੁਲਸ ਦਾ ਇਹ ਕਦਮ ਜਮਹੂਰੀ ਤੇ ਸੰਵਿਧਾਨਕ ਹੱਕਾਂ ‘ਤੇ ਜਬਰਦਸਤ ਵਾਰ ਹੈ।

2. ਹਾਕਮਾਂ ਨੂੰ ਲੋਕਾਂ ਦੀ ਸਮੂਹਕ ਰਜਾ ਨਾਲ ਕੋਈ ਸਰੋਕਾਰ ਨਹੀਂ। ਉਹ ਆਪਣੇ ਹਿੱਤਾਂ ਨੂੰ ਪਹਿਲ ਦਿੰਦੇ ਹਨ ਅਤੇ ਲੋਕਾਂ ਦੀ ਰਜ਼ਾ ਨੂੰ ਜਬਰ ਦੇ ਜੋਰ ਕੁਚਲਦੇ ਹਨ।

3. ਹਾਕਮਾਂ ਦੀ ਨਸ਼ਿਆਂ ਵਿਰੋਧੀ ਮੁਹਿੰਮ ਮਹਿਜ਼ ਇੱਕ ਢਕਵੰਜ ਹੈ| ਅਸਲ ‘ਚ ਉਹ ਨਸ਼ਿਆਂ ਦੇ ਵਪਾਰੀਆ ਨਾਲ ਘਿਉ-ਖਿਚੜੀ ਹਨ ਅਤੇ ਉਨ੍ਹਾਂ ਦੀ ਮੱਦਦ ਕਰਨ ਲਈ ਲੋਕਾਂ ‘ਤੇ ਸਿਰੇ ਦਾ ਤਸ਼ੱਦਦ ਕਰ ਸਕਦੇ ਹਨ|

4. ਚਾਹੇ ਸਰਕਾਰ ਨੇ ਦਲਿਤਾਂ, ਖੇਤ ਮਜ਼ਦੂਰਾ ਅਤੇ ਗਰੀਬ ਲੋਕਾਂ ਦੀ ਭਲਾਈ ਖਾਤਰ ਕੁੱਝ ਕਾਨੂੰਨ ਬਣਾਏ ਹਨ ਪਰ ਇਹਨਾ ਕਾਨੂੰਨਾਂ ਦਾ ਮਕਸਦ ਸਿਰਫ ਆਪਣਾ ਵੋਟ ਬੈਂਕ ਪੱਕਾ ਕਰਨਾ ਅਤੇ ਲੋਕਾਂ ਨੂੰ ਜਥੇਬੰਦ ਹੋਣ ਤੋਂ ਰੋਕਣਾ ਹੈ| ਜਦੋਂ ਹੀ ਖੇਤ ਮਜ਼ਦੂਰ ਅਤੇ ਗਰੀਬ ਲੋਕ ਇਹਨਾਂ ਕਨੂੰਨਾਂ ਨੂੰ ਸਹੀ ਢੰਗ ਨਾਲ ਲਾਗੂ ਕਰਾਉਣ ਦੇ ਰਾਹ ਪੈਂਦੇ ਹਨ ਤਾਂ ਪਿੰਡਾਂ ‘ਚ ਜਕੜ ਬਣਾਈ ਬੈਠੇ ਜਗੀਰੂ ਅਨਸਰ ਪੁਲਿਸ ਅਤੇ ਰਾਜ ਮਸ਼ੀਨਰੀ ਦੇ ਜ਼ੋਰ ਉਹਨਾਂ ਨੂੰ ਕੁਚਲਣ ਤੁਰ ਪੈਂਦੇ ਹਨ| ਵਿੰਝੂ ਬਲਾਹੜ ‘ਚ ਖੇਤ ਮਜ਼ਦੂਰਾਂ ਨੇ ਨਜ਼ੂਲ ਜਮੀਨ ‘ਚ ਆਪਣਾ ਹੱਕ ਮੰਗਿਆ ਤਾਂ ਸਾਰੀ ਰਾਜ ਪੁਲਸ ਮਸ਼ੀਨਰੀ ਉਨ੍ਹਾਂ ‘ਤੇ ਟੁੱਟ ਪਈ। ਸੰਗਰੂਰ ਜਿਲ੍ਹੇ ਦੇ ਪਿੰਡ ਬੇਨੜਾ ‘ਚ ਵੀ ਇਹੋ ਕੁੱਝ ਵਾਪਰਿਆ ਜਿਥੇ ਪੰਚਾਇਤੀ ਜਮੀਨ ਚੋਂ ਬਣਦਾ ਹਿੱਸਾ ਮੰਗਣ ਤੇ ਖੇਤ ਮਜ਼ਦੂਰ ਜਥੇਬੰਦੀ ਦੇ ਆਗੂ ਸੰਜੀਵ ਮਿੰਟੂ ਨੂੰ ਮਾਓਵਾਦੀ ਗਰਦਾਨਦਿਆਂ ਉਸ ‘ਤੇ ਗੈਰਕਾਨੂੰਨੀ ਅਤੇ ਦਹਿਸ਼ਤਗਰਦ ਸਰਗਰਮੀਆਂ ‘ਚ ਸ਼ਾਮਲ ਹੋਣ ਅਤੇ ਸਰਕਾਰ ਖਿਲਾਫ ਜੰਗ ਛੇੜਣ ਦੇ ਦੋਸ਼ ਹੇਠ ਮੁਕੱਦਮਾਂ ਦਰਜ ਕੀਤਾ| ਵਿੰਝੂ ਬਲਾਹੜ ਤੋਂ ਸੇਲਬਰਾਹ ਤੱਕ ਇਹ ਤੰਦ ਸਾਂਝੀ ਹੈ|

5. ਅਕਾਲੀ ਆਗੂਆਂ ਦੇ ਹਿੱਤ ਪੂਰਨ ਲਈ ਪੁਲਸ ਵੱਲੋਂ ਠੇਕੇ ਦਾ ਵਿਰੋਧ ਕਰ ਰਹੇ ਲੋਕਾਂ ਖਿਲਾਫ ਬਿਲਕੁਲ ਝੂਠੇ ਅਤੇ ਬੇਬੁਨਿਆਦ ਮੁਕੱਦਮੇਂ ਦਰਜ ਕੀਤੇ ਗਏ| ਮੁਕੱਦਮਾਂ ਨੰ:20 ਮਿਤੀ 3-4-11 ਨੂੰ ਠਾਣਾ ਫੂਲ ‘ਚ 15 ਵਿਅਕੱਤੀਆਂ ਦੇ ਖਿਲਾਫ ਦਰਜ ਕੀਤਾ ਗਿਆ ਤੱਥਾਂ ਦੇ ਬਿਲਕੁਲ ਉਲਟ ਹੈ| ਚਾਹੀਦਾ ਤਾਂ ਇਹ ਸੀ ਬੀਰਬਲ ਸਿੰਘ ਬਿੱਡੀ ਦੇ ਖਿਲਾਫ 45 ਪੇਟੀਆਂ ਨਜਾਇਜ਼ ਸਰਾਬ ਰੱਖਣ ਅਤੇ ਪਿਛਲੇ ਅੱਠ ਸਾਲਾਂ ਤੋ ਨਜਾਇਜ ਤੌਰ ਤੇ ਸਰਾਬ ਵੇਚਣ ਅਤੇ ਲੋਕਾ ਨੂੰ ਡਰਾਉਣ ਧਮਕਾਉਣ ਲਈ ਮਕੱਦਮਾ ਦਰਜ ਕੀਤਾ ਜਾਂਦਾ ਅਤੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਕੇ ਬੀਰਬਲ ਸਿੰਘ ਦੀ ਪਿੱਠ ਪਿੱਛੇ ਖੜੇ ਅਕਾਲੀ ਆਗੂਆਂ ਅਤੇ ਆਬਕਾਰੀ ਅਧਿਕਾਰੀਆਂ ਨੂੰ ਸਮਾਜ ‘ਚ ਨਸ਼ਰ ਕੀਤਾ ਜਾਂਦਾ| ਪਰ ਪੁਲਿਸ ਨੇ ਇਸ ਦੀ ਥਾਂ ਲੋਕਾ ਨੂੰ ਮੁਜ਼ਰਮ ਬਣਾ ਦਿੱਤਾ| ਇਸੇ ਤਰਾਂ ਮੁਕੱਦਮਾਂ ਨੰ: 26 ਮਿਤੀ 1-5-11 ਵਿੱਚ ਪੁਲਿਸ ਨੇ ਦੋਸ਼ ਲਾਇਆ ਕੇ ਲੋਕਾ ਨੇ ਊਨ੍ਹਾਂ ਤੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਅਤੇ ਹੋਲਦਾਰ ਸੁਰਜੀਤ ਸਿੰਘ ਦੀ ਸੈਲਫ ਲੋਡਿੰਗ ਰਾਇਫਲ ਖੋਹ ਲਈ| ਜਦੋਂ ਕਿ ਅਸਲੀਅਤ ਇਹ ਹੈ ਕਿ ਪੁਲਿਸ ਦੀ ਸ਼ਹਿ ਤੇ ਸ਼ਰਾਬ ਮਾਫੀਏ ਦੇ ਬਦਮਾਸ਼ਾਂ ਨੇ ਲੋਕਾਂ ਤੇ ਹਮਲਾ ਕੀਤਾ ਜਿਸਦਾ ਸਬੂਤ ਬੀਰਬਲ ਸਿੰਘ ਬਿੱਡੀ ਦੇ ਕੋਠੇ ‘ਤੇ ਇਕੱਠੇ ਕੀਤੇ ਰੋੜੇ ਇੱਟਾਂ ਹੈ| ਹੌਲਦਾਰ ਸੁਰਜੀਤ ਸਿੰਘ ਕੋਲੋਂ ਕਿਸੇ ਨੇ ਵੀ ਰਾਈਫਲ ਨਹੀਂ ਖੋਹੀ, ਸਗੋ ਖੁਦ ਹੀ ਡਰਦਾ ਮਾਰਿਆ ਇਹ ਛੱਡ ਕੇ ਭੱਜ ਗਿਆ ਅਤੇ ਅਗਲੇ ਦਿਨ ਹੀ ਇਹ ਰਾਈਫਲ ਪਿੰਡ ਦੇ ਮੋਹਤਬਰ ਵਿਅਕੱਤੀਆਂ ਨੇ ਜਿਲੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ| ਪ੍ਰੰਤੂ ਪੁਲਿਸ ਨੇ ਰਾਈਫਲ ਸ਼ਰਾਬ ਦੇ ਠੇਕੇ ਦਾ ਵਿਰੋਧ ਕਰ ਰਹੇ ਕਿਸਾਨ ਆਗੂ ਸਰਮੱਖ ਸਿੰਘ ਸਿੱਧੂ ਨੂੰ ਲੱਗਭੱਗ ਦੋ ਹਫਤੇ ਬਾਅਦ ਗ੍ਰਿਫਤਾਰ ਕਰਕੇ ਉਸ ਕੋਲੋਂ ਬਰਾਮਦ ਹੋਈ ਦਿਖਾਈ ਹੈ। ਜੋਕਿ ਸਰਾਸਰ ਝੂਠ ਹੈ ਅਤੇ ਸੰਘਰਸ਼ ਕਰ ਰਹੇ ਲੋਕਾ ਨੂੰ ਸੰਗੀਨ ਕੇਸਾਂ ਵਿੱਚ ਉਲਝਾ ਕੇ ਸਜਾਵਾਂ ਦਿਵਾਉਣ ਦੀ ਕਮੀਨੀ ਚਾਲ ਹੈ| ਇਹੀ ਪੁਲਿਸ ਬੀਰਬਲ ਸਿੰਘ ਬਿੱਡੀ ਵੱਲੋਂ 8-9 ਸਾਲ ਲਗਾਤਾਰ ਨਜਾਇਜ ਤੌਰ ਤੇ ਸ਼ਰਾਬ ਵੇਚਣ ਵਾਰੇ ਲਿਖਤੀ ਤੌਰ ਤੇ ਇਕਬਾਲ ਕਰਨ ਦੇ ਬਾਵਜੂਦ ਵੀ ਉਸ ਦੇ ਖਿਲਾਫ ਕਾਰਵਾਈ ਕਰਨ ਤੋਂ ਇਨਕਾਰੀ ਹੈ|

6. ਦੂਜੇ ਪਾਸੇ ਕੋਟੜਾ ਕੌੜਿਆਂ ਵਾਲਾ ਵਿੱਚ ਸ਼ਰਾਬ ਦੇ ਠੇਕੇ ਦਾ ਵਿਰੋਧ ਕਰ ਰਹੇ ਕਿਸਾਨ ਅਤੇ ਖੇਤ ਮਜ਼ਦੂਰ ਆਗੂਆਂ ‘ਤੇ ਅਕਾਲੀ ਆਗੂਆਂ ਦੀ ਸ਼ਹਿ ‘ਤੇ ਜਾਨ ਲੇਵਾ ਹਮਲਾ ਕਰਨ ਵਾਲਿਆਂ ਨਾਲ ਪੁਲਸ ਅਤਿ ਨਰਮੀ ਨਾਲ ਪੇਸ਼ ਆਈ ਹੈ। ਸੰਘਰਸ਼ ਦੇ ਦਬਾਅ ਦੇ ਬਾਵਜੂਦ ਚਾਹੇ ਉਨ੍ਹਾਂ ‘ਤੇ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਹੈ ਪਰ ਉਨ੍ਹਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ।

7. ਪ੍ਰਸ਼ਾਸਨ ਨੇ ਸਾਰੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਇਆਂ ਅਤੇ ਲੋਕ ਰੋਹ ਨੂੰ ਚੰਗੀ ਤਰਾਂ ਭਾਪਦਿਆਂ ਹੋਇਆਂ ਵੀ ਇਸ ਨੁੰ ਅਣਗੋਲਿਆਂ ਕੀਤਾ ਅਤੇ ਬਾਅਦ ਵਿੱਚ ਜਬਰ ਦੇ ਜੋਰ ਇਸਨੂੰ ਨੂੰ ਕੁਚਲਣ ਦੀ ਕੋਸਿਸ਼ ਕੀਤੀ|

8. ਦੋ ਮਈ ਨੂੰ ਪੁਲਿਸ ਦਾ ਵਿਹਾਰ ਬੇਗਾਨੇ ਮੁਲਕ ਤੇ ਚੜਾਈ ਕਰਕੇ ਆਈ ਧਾੜਵੀ ਫੌਜ ਵਾਂਗ ਸੀ।

ਉਪ੍ਰੋਕਤ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ, ਜਮਹੂਰੀ ਫਰੰਟ ਮੰਗ ਕਰਦਾ ਹੈ ਕਿ:-

1. ਕਾਮਰੇਡ ਹਰਭਿੰਦਰ ਜਲਾਲ ਨੂੰ ਬਿਨਾਂ ਕਿਸੇ ਦੋਸ਼ ਤੋਂ ਗ੍ਰਿਫਤਾਰ ਕਰਨਾ, ਝੂਠੇ ਕੇਸ ਪਾਉਣਾ, ਪੁਲਿਸ ਰਿਮਾਂਡ ‘ਚ ਅੰਨ੍ਹਾਂ ਜਬਰ ਢਾਹੁਣਾ, ਮਾਓਵਾਦੀ ਪਾਰਟੀ ਨਾਲ ਸਬੰਧਾਂ ਅਤੇ ਵਿਚਾਰਾਂ ਦਾ ਹਊਆ ਖੜ੍ਹਾ ਕਰਨਾ, ਜੇਲ੍ਹ ਦੀਆਂ ਸੀਖਾਂ ਪਿੱਛੇ ਡੱਕਣਾ, ਜਮਹੂਰੀ ਹੱਕਾਂ ਤੇ ਸ਼ਹਿਰੀ ਆਜ਼ਾਦੀਆਂ ‘ਤੇ ਨੰਗਾ ਚਿੱਟਾ ਹਮਲਾ ਹੈ। ਇਹ ਹਮਲਾ ਤੁਰੰਤ ਬੰਦ ਕਰੋ। ਕਾ. ਹਰਭਿੰਦਰ ਜਲਾਲ ਨੂੰ ਬਿਨਾਂ ਸ਼ਰਤ ਰਿਹਾਅ ਕਰੋ, ਉਸ ਉਪਰ ਮੜ੍ਹੇ ਹੋਰ ਝੂਠੇ ਕੇਸ ਵਾਪਸ ਲਓ ਅਤੇ ਪੁਲਸ ਵਲੋਂ ਘਰੋਂ ਨਜਾਇਜ ਤੌਰ ‘ਤੇ ਚੁੱਕਿਆ ਸਾਮਾਨ ਵਾਪਸ ਕਰੋ।

2. ਦਾਂਤੇਵਾੜਾ ਅਤੇ ਹੋਰ ਕਬਾਇਲੀ ਖੇਤਰਾਂ ‘ਚ ਲੋਕਾਂ ਕੋਲੋਂ ਜੰਗਲ, ਜਲ, ਜ਼ਮੀਨ ਅਤੇ ਖਣਿਜ਼ ਪਦਾਰਥ ਖੋਹਣ ਲਈ ਪਿੰਡਾਂ ਦੇ ਪਿੰਡ ਸਾੜਨ, ਕਤਲੋਗਾਰਦ ਮਚਾਉਣ, ਉਜਾੜਨ ਅਤੇ ਜਮਹੂਰੀ ਹੱਕਾਂ ਉਪਰ ਛਾਪੇ ਮਾਰਨ ਦਾ ਸਿਲਸਿਲਾ ਜਾਰੀ ਹੈ। ਅਪ੍ਰੇਸ਼ਨ ਗ੍ਰੀਨ ਹੰਟ ਵਾਪਸ ਲੈਕੇ ਇਨ੍ਹਾਂ ਖੇਤਰਾਂ ਦੇ ਲੋਕਾਂ ‘ਤੇ ਜਬਰ ਬੰਦ ਕਰੋ।

3. ਸੇਲਬਰ੍ਹਾ ਪਿੰਡ ਦੇ ਲੋਕਾਂ ਸਿਰ ਮੜ੍ਹੇ ਝੂਠੇ ਕੇਸ ਵਾਪਸ ਲਓ, ਉਨ੍ਹਾਂ ਦੇ ਘਰਾਂ ਵਿੱਚ ਕੀਤੇ ਹੋਏ ਨੁਕਸਾਨ ਅਤੇ ਲੋਕਾਂ ਦੀਆਂ ਲੱਤਾਂ ਬਾਹਾਂ ਭੰਨਣ ਦਾ ਢੁੱਕਵਾਂ ਮੁਆਵਜ਼ਾ ਦਿਓ। ਸਾਰੇ ਗ੍ਰਿਫਤਾਰ ਵਿਅਕਤੀਆਂ ਨੂੰ ਤੁਰੰਤ ਰਿਹਾਅ ਕਰੋ।

4. ਸੇਲਬਰ੍ਹਾ ਪਿੰਡ ਵਿੱਚ ਪਿਛਲੇ ਦਸ ਸਾਲਾਂ ਤੋਂ ਹੋ ਰਹੀ ਨਜਾਇਜ ਸ਼ਰਾਬ ਦੀ ਵਿਕਰੀ ਦੀ ਉੱਚ-ਪੱਧਰੀ ਪੜਤਾਲ ਕਰਕੇ ਦੋਸ਼ੀ ਵਿਅਕਤੀਆਂ, ਪੁਲਸ ਅਤੇ ਆਬਕਾਰੀ ਮਹਿਕਮੇ ਦੇ ਅਧਿਕਾਰੀਆਂ ਖਿਲਾਫ ਢੁੱਕਵੀਂ ਕਾਰਵਾਈ ਕਰੋ।

5. ਪਿੰਡ ਕੋਟੜਾ ਕੌੜਿਆਂ ਵਾਲਾ ਵਿੱਚ ਕਿਸਾਨ ਅਤੇ ਖੇਤਰ ਮਜ਼ਦੂਰ ਆਗੂਆਂ ‘ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰੋ।

6. ਜਿੰਨ੍ਹਾਂ ਪਿੰਡਾਂ, ਮੁਹੱਲਿਆਂ ਜਾਂ ਬਸਤੀਆਂ ਦੇ ਲੋਕ ਸ਼ਰਾਬ ਦੇ ਠੇਕਿਆਂ ਦਾ ਵਿਰੋਧ ਕਰਦੇ ਹਨ ਉੱਥੋਂ ਇਹ ਠੇਕੇ ਤੁਰੰਤ ਬੰਦ ਕਰੋ।

7. ਪੰਜਾਬ ਅੰਦਰ ਲੋਕ ਆਗੂਆਂ ਨੂੰ ਕਤਲ ਕਰਨ ਅਤੇ ਜਨਤਕ ਸੰਘਰਸ਼ਾਂ ਨੂੰ ਕੁਚਲਣ ਲਈ ਸਿਆਸੀ ਥਾਪੜਾ ਪ੍ਰਾਪਤ ਗੁੰਡਾ ਗਰੋਹਾਂ, ਟਾਸਕ ਫੋਰਸ ਵਰਗੀਆਂ ਨਿੱਜੀ ਸੈਨਾਵਾਂ ਆਦਿ ਦੀ ਵਰਤੋਂ ਬੰਦ ਕਰੋ ਅਤੇ ਇਨ੍ਹਾਂ ਖਿਲਾਫ ਸਖਤ ਕਾਰਵਾਈ ਕਰੋ।
ਵਲੋਂ: ਸੂਬਾ ਕਮੇਟੀ, ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ।

No comments:

Post a Comment